ਤਾਲਿਬਾਨ ਨੇ ਅਫਗਾਨ ਸੁਰੱਖਿਆ ਫੌਜ ਨੂੰ ਨਿਸ਼ਾਨਾ, 26 ਮਰੇ

01/01/2020 3:42:29 PM

ਕਾਬੁਲ— ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ 'ਚ ਸੁਰੱਖਿਆ ਫੌਜ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ, ਜਿਸ 'ਚ 26 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਲਿਬਾਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਸੂਬਾ ਪ੍ਰੀਸ਼ਦ ਦੇ ਮੁਖੀ ਮੁਹੰਮਦ ਯੂਸਫ ਅਯੂਬੀ ਮੁਤਾਬਕ ਮੰਗਲਵਾਰ ਦੀ ਦੇਰ ਰਾਤ ਉੱਤਰੀ ਕੰਦੁਜ ਸੂਬੇ ਦੇ ਦਸ਼ਾਤੀ ਆਰਚੀ ਜ਼ਿਲੇ 'ਚ ਇਕ ਜਾਂਚ ਚੌਂਕੀ 'ਤੇ ਹੋਏ ਹਮਲੇ 'ਚ ਘੱਟ ਤੋਂ ਘੱਟ 10 ਅਫਗਾਨ ਫੌਜੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।

ਬਾਖ ਸੂਬਾ ਪ੍ਰੀਸ਼ਦ ਦੇ ਮੁਖੀ ਮੁਹੰਮਦ ਅਫਜਲ ਹਦੀਦ ਨੇ ਦੱਸਿਆ ਕਿ ਬਾਖ ਸੂਬੇ 'ਚ ਇਕ ਜਾਂਚ ਚੌਂਕੀ 'ਤੇ ਤਾਲਿਬਾਨ ਦੇ ਹਮਲੇ 'ਚ 9 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਜਾਂਚ ਚੌਂਕੀ 'ਤੇ ਮੌਜੂਦ ਹੋਰ ਚਾਰ ਪੁਲਸ ਕਰਮਚਾਰੀਆਂ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਤਾਲਿਬਾਨ ਦੇ ਬੁਲਾਰੇ ਮੁਤਾਬਕ ਬਾਖ 'ਚ ਵਿਦਰੋਹੀਆਂ ਨੇ ਕੁਝ ਸਮਾਂ ਪਹਿਲਾਂ ਹੀ ਪੁਲਸ ਰੈਂਕਾਂ 'ਚ ਘੁਸਪੈਠ ਕੀਤੀ ਗਈ ਸੀ ਅਤੇ ਉਹ ਹਮਲਾ ਕਰਨ ਦਾ ਮੌਕਾ ਲੱਭ ਰਹੇ ਸਨ। ਸੂਬਾ ਗਵਰਨਰ ਦੇ ਬੁਲਾਰੇ ਜਵਾਦ ਹਜਰੀ ਮੁਤਾਬਕ ਤੀਜਾ ਹਮਲਾ ਮੰਗਲਵਾਰ ਦੀ ਰਾਤ ਹੋਇਆ, ਜਿਸ 'ਚ ਤਾਲਿਬਾਨ ਨੇ ਤਖਰ ਸੂਬੇ 'ਚ ਸੁਰੱਖਿਆ ਫੌਜ ਦੇ 7 ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਤਾਲਿਬਾਨ ਨੇ ਹਾਲ ਦੇ ਦਿਨਾਂ 'ਚ ਉੱਤਰੀ ਅਫਗਾਨਿਸਤਾਨ 'ਚ ਹਮਲੇ ਤੇਜ਼ ਕਰ ਦਿੱਤੇ ਹਨ।


Related News