ਤਾਲਿਬਾਨ ਸ਼ਾਂਤੀ ਗੱਲਬਾਤ ਲਈ ਤਿਆਰ ਨਹੀਂ ਲੱਗ ਰਿਹਾ: ਅਮਰੀਕਾ

Wednesday, Feb 28, 2018 - 12:11 PM (IST)

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਤਾਲਿਬਾਨ ਇਸ ਸਮੇਂ ਸ਼ਾਂਤੀ ਗੱਲਬਾਤ ਲਈ ਤਿਆਰ ਨਹੀਂ ਲੱਗ ਰਿਹਾ ਹੈ। ਨਾਲ ਹੀ ਪ੍ਰਸ਼ਾਸਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਅਫਗਾਨਿਸਤਾਨ ਦੀ ਅਗਵਾਈ ਵਿਚ ਜਾਂ ਉਸ ਵੱਲੋਂ ਹੋਣੀ ਚਾਹੀਦੀ ਹੈ। ਇਕ ਤਰੀਕੇ ਨਾਲ ਟਰੰਪ ਪ੍ਰਸ਼ਾਸਨ ਨੇ ਤਾਲਿਬਾਨ ਨਾਲ ਸਿੱਧੀ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਅਮਰੀਕਾ ਨੂੰ ਲਿਖੇ ਇਕ ਪੱਤਰ ਵਿਚ ਇਸ ਅੱਤਵਾਦੀ ਸੰਗਠਨ (ਤਾਲਿਬਾਨ) ਨੇ ਗੱਲਬਾਤ ਦੀ ਗੱਲ ਕਹੀ ਸੀ।
ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੋਰਟ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ, 'ਅਸੀਂ ਇਹ ਪੱਤਰ ਦੇਖਿਆ ਹੈ ਅਤੇ ਸਾਨੂੰ ਇਸ ਦੀ ਜਾਣਕਾਰੀ ਹੈ। ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਗੱਲਬਾਤ ਅਫਗਾਨਿਸਤਾਨ ਦੀ ਅਗਵਾਈ ਵਿਚ ਜਾਂ ਅਫਗਾਨਿਸਤਾਨ ਵੱਲੋਂ ਹੋਣੀ ਚਾਹੀਦੀ ਹੈ।' ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਤਾਲਿਬਾਨ ਇਸ ਸਮੇਂ ਇਕੱਠੇ ਬੈਠਣ ਅਤੇ ਸ਼ਾਂਤੀ ਗੱਲਬਾਤ ਲਈ ਤਿਆਰ ਨਹੀਂ ਲੱਗ ਰਿਹਾ ਹੈ। ਤਾਲਿਬਾਨ ਦੇ ਪੱਤਰ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਹੀਥਰ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਅੰਤ ਉਹ ਤਿਆਰ ਹੋ ਜਾਣਗੇ, ਕਿਉਂਕਿ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਦਾ ਇਹੀ ਸਭ ਤੋਂ ਚੰਗਾ ਤਰੀਕਾ ਹੈ।' ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਅਫਗਾਨਿਸਤਾਨ ਦੀ ਸਥਿਤੀ ਦਾ ਕੋਈ ਫੌਜੀ ਹੱਲ ਹਵੇਗਾ ਅਤੇ ਅੰਤ ਇਸ ਮਸਲੇ ਨੂੰ ਰਾਜਨੀਤਕ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।


Related News