ਬੇਗਾਨਿਆਂ ਨੂੰ ਸਿਰ ਢੱਕਣ ਲਈ ਥਾਂ ਦੇਣ ਵਾਲੇ ਕੈਨੇਡਾ ਦਾ ਕੀਤਾ ਗਿਆ 'ਧੰਨਵਾਦ'
Tuesday, Jan 02, 2018 - 03:18 PM (IST)

ਕੈਲਗਰੀ— ਕੈਨੇਡਾ ਨੇ ਬਹੁਤ ਸਾਰੇ ਸੀਰੀਆਈ ਸ਼ਰਣਾਰਥੀਆਂ ਨੂੰ ਸਿਰ ਢੱਕਣ ਲਈ ਥਾਂ ਦਿੱਤੀ ਹੈ। ਬੇਘਰ ਹੋਏ ਲੋਕਾਂ ਦੀ ਬਾਂਹ ਫੜਨ ਵਾਲੇ ਕੈਨੇਡਾ ਦਾ ਸੀਰੀਆ ਸ਼ਰਣਾਰਥੀਆਂ ਦੇ ਦਿਲ 'ਚ ਬਹੁਤ ਸਨਮਾਨ ਤੇ ਪਿਆਰ ਹੈ। ਇਸੇ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਦਿਖਾਉਣ ਵਾਲਾ ਇਕ ਖੂਨ ਦਾਨ ਕੈਂਪ ਸੀਰੀਆਈ ਸ਼ਰਣਾਰਥੀਆਂ ਵੱਲੋਂ ਪਹਿਲੀ ਜਨਵਰੀ ਨੂੰ ਲਗਾਇਆ ਗਿਆ, ਜਿੱਥੇ ਵੱਡੀ ਗਿਣਤੀ 'ਚ ਸੀਰੀਆਈ ਸ਼ਰਣਾਰਥੀਆਂ ਨੇ ਖੂਨ ਦਾਨ ਕੀਤਾ।
ਨਵੇਂ ਸਾਲ ਦੀ ਸ਼ੁਰੂਆਤ 'ਤੇ ਇਨ੍ਹਾਂ ਲੋਕਾਂ ਨੇ ਖੂਨ ਦਾਨ ਕਰਦਿਆਂ ਦੱਸਿਆ ਕਿ ਉਹ ਕੈਨੇਡਾ ਦੇ ਸ਼ੁਕਰਗੁਜ਼ਾਰ ਹਨ, ਕਿ ਉਸ ਨੇ ਇਨ੍ਹਾਂ ਦੀ ਬਾਂਹ ਫੜੀ ਤੇ ਸਿਰ ਢੱਕਣ ਨੂੰ ਛੱਤ ਦਿੱਤੀ ਹੈ। ਹੁਣ ਬਹੁਤ ਸਾਰੇ ਲੋਕ ਇੱਥੇ ਕਮਾਈ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ। ਯੋ ਰਾਸੋ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ 18 ਮਹੀਨੇ ਪਹਿਲਾਂ ਹੀ ਕੈਨੇਡਾ ਪੁੱਜਾ ਹੈ ਅਤੇ ਉਸ ਨੂੰ ਖੂਨ ਦਾਨ ਕਰਕੇ ਚੰਗਾ ਲੱਗ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਖੂਨ ਨਾਲ ਜੇਕਰ ਕਿਸੇ ਲੋੜਵੰਦ ਦੀ ਜ਼ਿੰਦਗੀ ਬਚ ਸਕੇਗੀ ਤਾਂ ਉਹ ਖੁਦ ਨੂੰ ਬਹੁਤ ਖੁਸ਼ਨਸੀਬ ਮਹਿਸੂਸ ਕਰੇਗਾ।
'ਸੀਰੀਅਨ ਰਫਿਊਜੀ ਸਪੋਰਟ ਗਰੁੱਪ' ਦੀ ਬਲੱਡ ਡਰਾਈਵ ਓਰਗੇਨਾਈਜ਼ਰ ਸੈਮ ਨਾਮੁਰਾ ਨੇ ਕਿਹਾ ਕਿ ਉਹ ਖੂਨਦਾਨ ਕਰਕੇ ਮਾਣ ਮਹਿਸੂਸ ਕਰ ਰਹੀ ਹੈ। ਉਸ ਨੇ ਕਿਹਾ ਕਿ ਬੇਗਾਨੇ ਹੋਣ ਦੇ ਬਾਵਜੂਦ ਕੈਨੇਡੀਅਨ ਵਾਸੀ ਉਨ੍ਹਾਂ ਦੀ ਬਹੁਤ ਮਦਦ ਕਰ ਰਹੇ ਹਨ ਤੇ ਉਹ ਉਨ੍ਹਾਂ ਦੇ ਪਿਆਰ ਦਾ ਬਦਲਾ ਕਦੇ ਚੁਕਾ ਨਹੀਂ ਸਕਦੇ।