ਪੋਲੀਓ ਨੇ ਫਿਰ ਦਿੱਤੀ ਸੀਰੀਆ ''ਚ ਦਸਤਕ, ਵਿਸ਼ਵ ਸਿਹਤ ਸੰਗਠਨ ਵੱਲੋਂ ਪੁਸ਼ਟੀ
Friday, Jun 09, 2017 - 01:24 PM (IST)
ਜੇਨੇਵਾ—ਕੌਮਾਂਤਰੀ ਪੱਧਰ ਉੱਪਰ ਪੋਲੀਓ ਨੂੰ ਜੜ ਤੋਂ ਖ਼ਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਅੰਤਰਾਰਾਸ਼ਟਰੀ ਸੰਸਥਾਵਾਂ ਖਾਸ ਕਰ ਕੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਸੀਰੀਆ 'ਚ ਪੋਲੀਓ ਦੇ ਮਾਮਲੇ ਸਾਹਮਣੇ ਆਉਣ ਨਾਲ ਚਿੰਤਤ ਹਨ। ਡੇਰ-ਅਲ-ਜ਼ੋਰ ਸੂਬੇ 'ਚ ਪੋਲੀਓ ਵਾਇਰਸ ਦੇ 3 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਗਲੋਬਲ ਪੋਲੀਓ ਖ਼ਤਮ ਕਰਨ ਦੀ ਪਹਿਲ ਨਾਮਕ ਸੰਸਥਾ ਨੇ ਬਿਆਨ ਜਾਰੀ ਕਰ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਪੋਲੀਓ ਵਾਇਰਸ ਐਕਿਊਟ ਫਲੈਕਸਿਡ ਪੈਰਾਲਿਸਿਸ (ਗੰਭੀਰ ਲਕਵਾ) ਦੇ 2 ਮਾਮਲਿਆਂ 'ਚ ਮਿਲਿਆ ਹੈ। ਪੋਲੀਓ ਦਾ ਤੀਜਾ ਮਾਮਲਾ ਇਕ ਹੋਰ ਤੰਦਰੁਸਤ ਬੱਚੇ 'ਚ ਪਾਇਆ ਗਿਆ ਹੈ। ਅੰਤਰਰਾਸ਼ਟਰੀ ਪੱਧਰ ਉੱਪਰ ਕਈ ਮਿਲੀਅਨ ਡਾਲਰ ਖਰਚ ਕਰਨ ਤੋਂ ਬਾਅਦ ਵੀ ਪੋਲੀਓ ਦੇ ਇਹ ਮਾਮਲੇ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਰਹੇ ਹਨ ਕਿਉਕਿ ਪਿਛਲੇ ਕਈ ਦਹਾਕਿਆਂ ਤੋਂ ਵਿਸ਼ਵ ਸਿਹਤ ਸੰਗਠਨ ਅਤੇ ਪੋਲੀਓ ਰੋਕੋ ਮੁਹਿੰਮਾਂ ਦੀਆਂ ਕੋਸ਼ਿਸ਼ਾਂ ਤਹਿਤ ਵੱਡੇ-ਵੱਡੇ ਕਦਮ ਚੁੱਕੇ ਜਾਣ ਤੋਂ ਬਾਅਦ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਇਕ ਗੰਭੀਰ ਚਿੰਤਾ ਪੈਦਾ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਕੌਮਾਂਤਰੀ ਪੱਧਰ 'ਤੇ ਪੋਲੀਓ ਨੂੰ ਜੜ੍ਹ ਤੋਂ ਖ਼ਤਮ ਕੀਤੇ ਜਾਣ ਵਾਅਦੇ ਵੀ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਖੋਖਲੇ ਦਿਖਾਈ ਦਿੰਦੇ ਹਨ। ਜ਼ਿਕਰਯੋਗ ਹੈ ਕਿ ਕਾਫੀ ਹੱਦ ਤੱਕ ਵਿਸ਼ਵ ਸਿਹਤ ਸੰਗਠਨ ਪੋਲੀਓ ਵਰਗੀ ਗੰਭੀਰ ਬੀਮਾਰੀ ਨੂੰ ਨੱਥ ਪਾਉਣ 'ਚ ਕਾਮਯਾਬ ਵੀ ਰਿਹਾ ਹੈ, ਜਿਸ 'ਚ ਉਸ ਨੂੰ ਕਈ ਦਹਾਕਿਆਂ ਦਾ ਇੰਤਜ਼ਾਰ ਕਰਨਾ ਪਿਆ।
