ਸੀਰੀਆ ''ਚ ਜੰਗ ਪ੍ਰਭਾਵਿਤ ਪੂਰਬੀ ਘੋਊਤਾ ਤੋਂ ਕੱਢੇ ਗਏ 30 ਹਜ਼ਾਰ ਨਾਗਰਿਕ : ਰਿਪੋਰਟ

03/18/2018 1:37:51 PM

ਦਮਿਸ਼ਕ— ਸੀਰੀਆ 'ਚ ਬਾਗੀਆਂ ਦੇ ਕਬਜ਼ੇ ਵਾਲੇ ਪੂਰਬੀ ਘੋਊਤਾ ਖੇਤਰ ਤੋਂ ਤਕਰੀਬਨ 30,000 ਨਾਗਰਿਕਾਂ ਨੂੰ ਕੱਢਿਆ ਗਿਆ ਹੈ। ਸਥਾਨਕ ਮੀਡੀਆ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਦੀ ਰਾਤ ਨੂੰ ਵੱਡੇ ਪੱਧਰ 'ਤੇ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਨੂੰ ਅੰਜ਼ਾਮ ਦਿੱਤਾ ਗਿਆ ਅਤੇ ਇਹ ਅਜੇ ਵੀ ਜਾਰੀ ਹੈ। ਸ਼ਨੀਵਾਰ ਦੀ ਸਵੇਰ ਨੂੰ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਸੀ ਕਿ ਪਿਛਲੇ 72 ਘੰਟਿਆਂ ਵਿਚ ਪੂਰਬੀ ਘੋਊਤਾ ਤੋਂ 50 ਹਜ਼ਾਰ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਪੂਰਬੀ ਘੋਊਤਾ ਤੋਂ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। 
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ 18 ਫਰਵਰੀ ਨੂੰ ਪੂਰਬੀ ਘੋਊਤਾ ਵਿਚ ਹਿੰਸਾ 'ਚ ਹੋਏ ਵਾਧੇ ਤੋਂ ਬਾਅਦ ਹੁਣ ਤੱਕ ਕੁਲ 1,394 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ 271 ਨਾਬਾਲਗ ਬੱਚੇ ਅਤੇ 173 ਔਰਤਾਂ ਸ਼ਾਮਲ ਸਨ। ਓਧਰ ਸੀਰੀਆਈ ਫੌਜ ਨੇ ਕਿਹਾ ਕਿ ਵੱਖ-ਵੱਖ ਬਾਗੀ ਸੰਗਠਨਾਂ ਦੇ ਵਿਰੁੱਧ ਲੜਾਈ ਲਈ ਖੇਤਰ ਦੀ ਵੰਡ ਕਰਨ ਤੋਂ ਬਾਅਦ ਪੂਰਬੀ ਘੋਊਤਾ ਦੇ 70 ਫੀਸਦੀ ਹਿੱਸੇ 'ਤੇ ਕੰਟਰੋਲ ਸਥਾਪਤ ਕਰ ਲਿਆ ਹੈ। ਇਹ 105 ਕਿਲੋਮੀਟਰ ਸੁਕਵੇਅਰ 'ਚ ਫੈਲਿਆ ਖੇਤੀਬਾੜੀ ਖੇਤਰ ਹੈ, ਜਿਸ 'ਚ ਕਈ ਪਿੰਡ ਵਸੇ ਹੋਏ ਹਨ। ਸੀਰੀਆਈ ਫੌਜ ਅਤੇ ਬਾਗੀਆਂ ਵਿਚਾਲੇ ਲੜਾਈ ਕਾਰਨ ਨਾਗਰਿਕਾਂ ਨੂੰ ਉੱਥੋਂ ਪਲਾਇਨ ਕਰਨ ਨੂੰ ਮਜਬੂਰ ਹੋਣਾ ਪਿਆ ਹੈ।


Related News