ਬ੍ਰਿਸਬੇਨ ਵਿਖੇ ਦੂਸਰੇ ਭਾਰਤੀ ਸਾਹਿਤ ਉਤਸਵ ''ਚ ਸੁਖਵਿੰਦਰ ਅੰਮ੍ਰਿਤ ਨੇ ਭਰੀ ਹਾਜ਼ਰੀ

10/20/2019 6:15:18 PM

ਬ੍ਰਿਸਬੇਨ ( ਸਤਵਿੰਦਰ ਟੀਨੂੰ)- ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਦੇ ਯਤਨਾਂ ਸਦਕਾ ‘ਦੂਸਰਾ ਭਾਰਤੀ ਸਾਹਿਤ ਉਤਸਵ’ ਅਮਰੀਕਨ ਕਾਲਜ ਦੇ ਹਾਲ 'ਚ ਮਿਤੀ 19 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ। ਬ੍ਰਿਸਬੇਨ ਵਿਖੇ ਹੋਣ ਵਾਲਾ ਇਹ ਤ੍ਰੈ-ਭਾਸ਼ਾਈ ਸਾਹਿਤ ਸੰਮੇਲਨ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਸਮਾਗਮ ਦੀ ਸਦਾਰਤ ਮਾਣਯੋਗ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਜੀ ਨੇ ਕੀਤੀ। ਊਰਦੂ ਡੈਲੀਗੇਟ ਵਜੋਂ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਅਤੇ ਹਿੰਦੀ ਡੈਲੀਗੇਟ ਵਜੋਂ ਡਾ. ਭਾਵਨਾ ਕੁੰਵਰ ਪ੍ਰਧਾਨਗੀ ਮੰਡਲ 'ਚ ਸੁਸ਼ੋਭਿਤ ਹੋਏ। ਉਨਾਂ ਦੇ ਨਾਲ ਰਘਬੀਰ ਸਰਾਏ, ਪਰਮਜੀਤ ਸਰਾਏ ਅਤੇ ਡਾ. ਬਰਨਾਰਡ ਮਲਿਕ ਵੀ ਪ੍ਰਧਾਨਗੀ ਮੰਡਲ ਵਿੱਚ ਬੈਠੇ ਸਨ। ਇਸ ਸਾਲਾਨਾ ਕਾਵਿ ਕੁੰਭ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ ਅਤੇ ਯੁਵਾ ਕਵਿੱਤਰੀ ਮਨਦੀਪ ਔਲਖ ਦਾ ਕਾਵਿ ਸੰਗ੍ਰਹਿ ‘ਮਨ ਕਸਤੂਰੀ’ ਲੋਕ ਅਰਪਣ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ 'ਚ ਮੀਤ ਮਲਕੀਤ, ਅਮਨਪ੍ਰੀਤ ਟੱਲੇਵਾਲ ਅਤੇ ਆਤਮਾ ਸਿੰਘ ਹੇਅਰ ਨੇ ਸਮਾਂ ਰੌਸ਼ਨ ਕਰਨ ਤੋਂ ਪਹਿਲਾਂ ਆਪਣੀਆਂ ਤਰੰਨਮ ਵਿੱਚ ਰਚਨਾਵਾਂ ਨਾਲ ਹੀ ਮਾਹੌਲ ਸੁਰਮਈ ਬਣਾ ਦਿੱਤਾ। ਆਪਣੇ ਸਟੀਕ ਅਤੇ ਸੰਖੇਪ ਸਵਾਗਤੀ ਭਾਸ਼ਨ 'ਚ ਪਰਮਜੀਤ ਸਰਾਏ ਨੇ ਅੰਗਰੇਜ਼ੀ ਵਿੱਚ ਆਏ ਹੋਏ ਮਹਿਮਾਨ ਕਲਮਕਾਰਾਂ ਅਤੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਸਮਾਗਮ ਦੀ ਰਸਮੀ ਸ਼ੁਰੂਆਤ ਮਹਿਮਾਨ ਸ਼ਾਇਰਾ ਵੱਲੋਂ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਹੋਈ। ਇਸ ਕਾਵਿ ਪ੍ਰਵਾਹ 'ਚ ਹੋਰਨਾਂ ਤੋਂ ਇਲਾਵਾ ਸੁਰਜੀਤ ਸੰਧੂ, ਫੈਜ਼ਲ ਸਈਅਦ, ਸੋਮਾ ਨਾਇਰ, ਜਸਵੰਤ ਵਾਗਲਾ, ਰੁਪਿੰਦਰ ਸੋਜ਼ ਆਦਿ ਸਥਾਨਕ ਸ਼ਾਇਰਾਂ ਨੇ ਆਪਣੀ ਭਰਵੀਂ ਹਾਜ਼ਰੀ ਲਵਾਈ। ਸਿਡਨੀ ਤੋਂ ਤਸ਼ਰੀਫ ਰੱਖਣ ਵਾਲੇ ਸਮਰੱਥ ਸ਼ਾਇਰ ਪ੍ਰਗੀਤ ਕੁੰਵਰ ਨੇ ਆਪਣੀ ਦਿਲਕਸ਼ ਆਵਾਜ਼ 'ਚ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਸਮਾਗਮ ਦੇ ਅੰਤਿਮ ਚਰਨ ਵਿੱਚ ਹਿੰਦੀ ਸ਼ਾਇਰਾ ਡਾ. ਭਾਵਨਾ ਕੁੰਵਰ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸਰੋਤਿਆਂ ਦੇ ਸਨਮੁੱਖ ਕਰਦਿਆਂ ਪ੍ਰੋਗਰਾਮ ਨੂੰ ਸਿਖਰ 'ਤੇ ਪਹੁੰਚਾ ਦਿੱਤਾ।

ਊਰਦੂ ਡੈਲੀਗੇਟ ਵਜੋਂ ਹਾਜ਼ਰ ਹੋਏ ਨਾਮਵਰ ਸ਼ਾਇਰ ਇਸ ਸੰਮੇਲਨ 'ਚ ਹਰ ਸਾਲ ਲੇਖਣ ਕਾਰਜਾਂ ਲਈ ਦਿੱਤੇ ਜਾਣ ਵਾਲੇ ਇਪਸਾ ਪੁਰਸਕਾਰ ਨਾਲ ਸਨਮਾਨਿਤ ਹੋਏ ਊਰਦੂ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਦੀ ਭਾਵਪੂਰਤ ਸ਼ਾਇਰੀ ਆਹਲਾ ਦਰਜੇ ਦੀ ਸੀ। ਉਨ੍ਹਾਂ ਦੇ ਸ਼ੇਅਰ ਸੂਖਮ ਅਤੇ ਗਹਿਰੇ ਅਨੁਭਵ ਵਾਲੇ ਸਨ। ਅੰਤ 'ਚ ਦੂਸਰੇ ਭਾਰਤੀ ਸਾਹਿਤ ਉਤਸਵ ਦੀ ਸਦਾਰਤ ਕਰ ਰਹੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਤੁਆਰਫ਼ 'ਚ ਸਰਬਜੀਤ ਸੋਹੀ ਦੇ ਸ਼ਬਦਾਂ ਨੇ ਹੀ ਸਰੋਤਿਆਂ 'ਚ ਵਿਸਮਾਦ ਅਤੇ ਉਤਸੁਕਤਾ ਦੀ ਲਹਿਰ ਸਿਰਜ ਦਿੱਤੀ। ਸੁਖਵਿੰਦਰ ਅੰਮ੍ਰਿਤ ਨੇ ਆਪਣੀ ਸ਼ਾਇਰੀ ਦੇ ਤਲਿਸਮੀ ਰੰਗਾਂ ਨਾਲ ਹਰ ਸਰੋਤੇ ਨੂੰ ਮੰਤਰਮੁਗਧ ਕਰ ਦਿੱਤਾ। ਹਾਲ 'ਚ ਦੇਰ ਤੱਕ ਉਸਦੇ ਸ਼ੇਅਰ ਚਿੜੀਆਂ ਦੀ ਗੁਫਤਗੂ ਵਾਂਗ ਗੂੰਜਦੇ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੌਰ ਗੱਗੜਭਾਣਾ, ਸ਼ਸ਼ੀ ਨਾਇਰ, ਦਲਵੀਰ ਹਲਵਾਰਵੀ, ਹਰਜੀਤ ਸੰਧੂ, ਹਰਮਨ ਗਿੱਲ, ਵਰਿੰਦਰ ਅਲੀਸ਼ੇਰ, ਜਤਿੰਦਰ ਭੰਗੂ, ਤਜਿੰਦਰ ਭੰਗੂ, ਰਣਜੀਤ ਵਿਰਕ, ਪਾਲ ਰਾਊਕੇ, ਗੁਣਜੋਧ ਔਲਖ, ਨੀਤੂ ਸਿੰਘ ਮਲਿਕ ਆਦਿ ਹਾਜ਼ਰ ਸਨ। ਇਪਸਾ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਲਈ ਸ਼ਾਨਦਾਰ ਲੰਚ ਦਾ ਪ੍ਰਬੰਧ ਕੀਤਾ ਗਿਆ, ਇਸ ਲਈ ਕਵੀਨਜਲੈਂਡ ਮੈਡੀਕਲ ਇੰਟਰਪ੍ਰਾਈਜ਼ ਵੱਲੋਂ ਸਹਿਯੋਗ ਕੀਤਾ ਗਿਆ। ਇਸ ਸਮਾਗਮ ਦੇ ਹੋਸਟ ਅਤੇ ਅਮਰੀਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਿਕ ਨੇ ਅੰਤ 'ਚ ਸਭ ਦਾ ਧੰਨਵਾਦ ਕੀਤਾ ਅਤੇ ਸਾਹਿਤਕ ਸਰਗਰਮੀਆਂ ਲਈ ਆਪਣੀ ਵੱਚਨਬੱਧਤਾ ਦੁਹਰਾਈ।


Sunny Mehra

Content Editor

Related News