ਸੰਯੁਕਤ ਰਾਸ਼ਟਰ ਕੋਲ ਧਨ ਦੀ ਭਾਰੀ ਕਮੀ, ਖਤਰੇ 'ਚ ਕਰਮਚਾਰੀਆਂ ਦੀ ਤਨਖਾਹ

10/09/2019 2:58:36 PM

ਸੰਯੁਕਤ ਰਾਸ਼ਟਰ— ਮਨੁੱਖੀ ਸਹਾਇਤਾ ਕਾਰਜਾਂ ਤੋਂ ਲੈ ਕੇ ਨਿਸ਼ਸਤਰੀਕਰਨ ਵਰਗੇ ਮੁੱਦਿਆਂ 'ਤੇ ਅਹਿਮ ਫੈਸਲੇ ਲੈਣ ਵਾਲੀ ਦੁਨੀਆ ਦੀ ਸਭ ਤੋਂ ਉੱਚੀ ਸੰਸਥਾ ਸੰਯੁਕਤ ਰਾਸ਼ਟਰ, ਜਿਸ ਦਾ ਆਪਣਾ ਸਲਾਨਾ ਬਜਟ ਕਈ ਅਰਬ ਡਾਲਰ ਦਾ ਹੈ, ਉਹ ਅੱਜ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਤੇ ਹਾਲਤ ਇਹ ਹੈ ਕਿ ਉਸ ਨੂੰ ਆਪਣੇ ਕਰਮਚਾਰੀਆਂ ਨੂੰ ਇਸ ਮਹੀਨੇ ਦੀ ਤਨਖਾਹ ਦੇਣ 'ਚ ਵੀ ਮੁਸ਼ਕਲ ਹੋ ਰਹੀ ਹੈ। ਸਵਾਲ ਇਹ ਉੱਠਦਾ ਹੈ ਕਿ ਆਖਰ ਸੰਯੁਕਤ ਰਾਸ਼ਟਰ ਦਾ 14.25 ਅਰਬ ਰੁਪਏ ਤੋਂ ਵਧੇਰੇ ਦਾ ਪੈਸਾ ਕਿਵੇਂ ਖਤਮ ਹੋਣ ਦੀ ਕਗਾਰ 'ਤੇ ਹੈ? ਤਾਂ ਇਸ ਦਾ ਉੱਤਰ ਹੈ ਕਿ ਅਮਰੀਕਾ ਸਣੇ ਕਈ ਦੇਸ਼ਾਂ ਨੇ ਆਪਣੇ ਸੰਭਾਵਿਤ ਵਿੱਤੀ ਯੋਗਦਾਨ ਦਾ ਭੁਗਤਾਨ ਨਹੀਂ ਕੀਤਾ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਗਲੋਬਲ ਦਹਾਕੇ ਦੇ ਸਭ ਤੋਂ ਗੰਭੀਰ ਘਾਟੇ ਦੇ ਦੌਰ 'ਚੋਂ ਲੰਘ ਰਹੇ ਹਨ ਅਤੇ ਅਗਲੇ ਮਹੀਨੇ ਦੀ ਤਨਖਾਹ ਦੇਣ ਲਈ ਵੀ ਉਨ੍ਹਾਂ ਕੋਲ ਜ਼ਰੂਰੀ ਧਨ ਨਹੀਂ ਹੋਵੇਗਾ। ਸੰਯੁਕਤ ਰਾਸ਼ਟਰ ਦੀ ਵਿੱਤੀ ਸਥਿਤੀ ਬਾਰੇ ਚਿਤਾਵਨੀ ਦਿੰਦੇ ਹੋਏ ਗੁਤਾਰੇਸ ਨੇ ਸਾਰੇ 193 ਮੈਂਬਰ ਦੇਸ਼ਾਂ ਨੂੰ ਆਪਣੀਆਂ ਵਿੱਤੀ ਦੇਣਦਾਰੀਆਂ ਦਾ ਸਮੇਂ 'ਤੇ ਭੁਗਤਾਨ ਕਰਨ ਦੀ ਅਪੀਲ ਕੀਤੀ।

ਗੁਤਾਰੇਸ ਨੇ ਸੰਯੁਕਤ ਰਾਸ਼ਟਰ ਦੀ ਪੰਜਵੀਂ ਕਮੇਟੀ ਦੇ ਸਾਹਮਣੇ ਟਿੱਪਣੀ ਕੀਤੀ,''...ਸੰਗਠਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਪੱਸ਼ਟ ਕਰਾਂ ਤਾਂ ਉਹ ਨਕਦੀ ਸੰਕਟ 'ਚੋਂ ਲੰਘ ਰਿਹਾ ਹੈ। ਸਪੱਸ਼ਟ ਹੈ ਕਿ ਬਿਨਾ ਨਕਦ ਰਾਸ਼ੀ ਦੇ ਕੰਮ ਚਲਾਉਣਾ ਮੁਸ਼ਕਲ ਹੈ। ਇਹ ਕਮੇਟੀ ਸੰਯੁਕਤ ਰਾਸ਼ਟਰ ਦੇ ਪ੍ਰਸ਼ਾਸਨਿਕ ਅਤੇ ਸਾਲ 2020 ਦੇ ਪ੍ਰਸਤਾਵਿਤ ਬਜਟ ਨਾਲ ਜੁੜੇ ਮਾਮਲਿਆਂ ਨੂੰ ਦੇਖਦੀ ਹੈ। ਨਵੰਬਰ ਮਹੀਨੇ ਇੰਨੀ ਰਾਸ਼ੀ ਵੀ ਨਹੀਂ ਹੋਵੇਗੀ ਕਿ ਤਨਖਾਹ ਦਾ ਭੁਗਤਾਨ ਕੀਤਾ ਜਾ ਸਕੇ।''
ਜ਼ਿਕਰਯੋਗ ਹੈ ਕਿ ਭਾਰਤ ਉਨ੍ਹਾਂ ਗਿਣੇ-ਚੁਣੇ ਦੇਸ਼ਾਂ 'ਚ ਸ਼ਾਮਲ ਹੈ ਜਿਸ ਨੇ ਸਮੇਂ 'ਤੇ ਆਪਣਾ ਪੂਰਾ ਯੋਗਦਾਨ ਸੰਯੁਕਤ ਰਾਸ਼ਟਰ ਨੂੰ ਕੀਤਾ ਹੈ। ਇਸ ਦੇ ਉਲਟ ਭਾਰਤ ਦਾ 3.8 ਕਰੋੜ ਡਾਲਰ ਸੰਯੁਕਤ ਰਾਸ਼ਟਰ 'ਤੇ ਬਕਾਇਆ ਹੈ।

ਸੰਯੁਕਤ ਰਾਸ਼ਟਰ ਸਕੱਤਰੇਤ 'ਚ 37,000 ਕਰਮਚਾਰੀਆਂ ਨੂੰ ਸੋਮਵਾਰ ਨੂੰ ਭੇਜੇ ਗਏ ਇਕ ਪੱਤਰ 'ਚ ਗੁਤਾਰੇਸ ਨੇ ਇਸ ਨੂੰ ਲੈ ਕੇ ਚਿੰਤਾ ਪ੍ਰਗਟਾਈ। ਗੁਤਾਰੇਸ ਨੇ ਚਿਤਾਵਨੀ ਜਾਰੀ ਕਰਕੇ ਕਿਹਾ ਕਿ ਸੰਗਠਨ ਕੋਲ ਆਪਣੇ ਬਜਟ ਲਈ ਧਨ ਦੀ ਕਮੀ ਹੈ ਅਤੇ ਜੇਕਰ ਮੈਂਬਰ ਰਾਸ਼ਟਰ ਭੁਗਤਾਨ ਨਹੀਂ ਕਰਦੇ ਤਾਂ ਉਸ ਨੂੰ ਜਲਦੀ ਆਪਣੇ ਕੰਮਕਾਜ 'ਚ ਕਟੌਤੀ ਕਰਨੀ ਪਵੇਗੀ।
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਇਨ੍ਹਾਂ ਦੇਸ਼ਾਂ ਦੇ ਨਾਂ ਜਨਤਕ ਨਹੀਂ ਕਰੇਗਾ ਪਰ ਸੂਤਰਾਂ ਮੁਤਾਬਕ ਇਸ ਦੇ ਜ਼ਿੰਮੇਵਾਰ ਦੇਸ਼ ਅਮਰੀਕਾ, ਈਰਾਨ, ਮੈਕਸੀਕੋ, ਅਰਜਨਟੀਨਾ ਅਤੇ ਬ੍ਰਾਜ਼ੀਲ ਹਨ। ਕੁੱਲ ਮਿਲਾ ਕੇ 64 ਦੇਸ਼ਾਂ 'ਤੇ ਸੰਯੁਕਤ ਰਾਸ਼ਟਰ ਦਾ ਪੈਸਾ ਬਕਾਇਆ ਹੈ। ਇਸ ਦੇ ਇਲਾਵਾ ਦੇਣਦਾਰਾਂ ਦੀ ਸੂਚੀ 'ਚ ਵੈਨਜ਼ੁਏਲਾ, ਉੱਤਰੀ ਕੋਰੀਆ, ਦੱਖਣੀ ਕੋਰੀਆ, ਲੋਕਤੰਤਰੀ ਗਣਰਾਜ ਕਾਂਗੋ, ਇਜ਼ਰਾਇਲ ਅਤੇ ਸਾਊਦੀ ਅਰਬ ਸ਼ਾਮਲ ਹਨ। ਹਾਲਾਂਕਿ ਗੁਤਾਰੇਸ ਨੇ ਭੁਗਤਾਨ ਕਰਨ ਵਾਲੇ 129 ਦੇਸ਼ਾਂ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਦੇਸ਼ਾਂ ਨੇ ਹੁਣ ਤਕ ਭੁਗਤਾਨ ਨਹੀਂ ਕੀਤਾ ਉਨ੍ਹਾਂ ਨੂੰ ਭੁਗਤਾਨ ਕਰਨ ਲਈ ਕਿਹਾ ਹੈ।


Related News