ਹੜਤਾਲ ਕਾਰਨ ਇਜ਼ਰਾਈਲ ਦੇ ਮੁੱਖ ਹਵਾਈ ਅੱਡੇ ''ਤੇ ਉਡਾਣਾਂ ਹੋਈਆਂ ਪ੍ਰਭਾਵਿਤ

12/17/2017 4:44:31 PM

ਯੇਰੂਸ਼ਲਮ (ਬਿਊਰੋ)— ਹਵਾਈ ਅੱਡਾ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਵੱਡੀ ਫਾਰਮਾ ਕੰਪਨੀ ਟੇਵਾ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਸ ਯੋਜਨਾ ਦੇ ਵਿਰੋਧ ਵਿਚ ਹੋਈ ਹੜਤਾਲ ਦੇ ਤਹਿਤ ਇਜ਼ਰਾਈਲ ਦੇ ਮੁੱਖ ਹਵਾਈ ਅੱਡੇ ਤੋਂ ਉਡਾਣਾਂ ਅੱਜ ਭਾਵ ਐਤਵਾਰ ਨੂੰ ਰੋਕ ਦਿੱਤੀਆਂ ਗਈਆਂ। ਤੇਲ ਅਵੀਵ ਦੇ ਬੇਨ ਗੁਰੀਆਨ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਸਵੇਰੇ 6 ਵਜੇ ਉਸ ਸਮੇਂ ਠੱਪ ਪੈ ਗਈ, ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਹਿਟਸਟਾਈਟ ਟ੍ਰੈਡ ਯੂਨੀਅਨ ਨੇ 4 ਘੰਟੇ ਦੀ ਹੜਤਾਲ ਦੀ ਅਪੀਲ ਕੀਤੀ। 
ਐਤਵਾਰ ਸਵੇਰੇ ਉਡਾਣਾਂ ਭਰਨ ਲਈ ਤਿਆਰ ਕਈ ਜਹਾਜ਼ਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਵਾਨਾ ਕਰਨ ਲਈ ਤਿਆਰ ਕਰਨਾ ਪਿਆ, ਜਿਸ ਕਾਰਨ ਸਿਰਫ 7 ਉਡਾਣਾਂ ਹੜਤਾਲ ਕਾਰਨ ਰੱਦ ਕਰਨੀਆਂ ਪਈਆਂ। ਹਿਟਸਟਾਈਟ ਦੇ ਮੁਖੀ ਅਵੀ ਨਿਸੇਨਕੌਰਨ ਨੇ ਦੱਸਿਆ ਕਿ ਟੇਵਾ ਦੋ ਸਾਲ ਦੇ ਸਮੇਂ ਵਿਚ ਦੁਨੀਆ ਭਰ ਵਿਚ 14,000 ਨੌਕਰੀਆਂ ਵਿਚ ਕਟੌਤੀ ਦੀ ਆਪਣੀ ਯੋਜਨਾ ਦੇ ਤਹਿਤ ਇਜ਼ਰਾਈਲ ਵਿਚ 1,750 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਵਿਚ ਹੈ। ਜੈਨੇਰਿਕ ਦਵਾਈਆਂ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਟੇਵਾ ਫਾਰਮਾ ਇੰਡਸਟਰੀ ਨੇ ਕਿਹਾ ਹੈ ਕਿ ਉਹ ਆਪਣੀਆਂ ਸਾਰੀਆਂ ਇਕਾਈਆਂ ਵਿਚੋਂ ਕਰਮਚਾਰੀਆਂ ਦੀ ਛਾਂਟੀ ਕਰੇਗੀ। ਹਿਟਸਟਾਈਟ ਨੇ ਕਿਹਾ ਕਿ ''ਇਕਜੁੱਟਤਾ ਦਿਖਾਉਣ ਲਈ ਕੀਤੀ ਗਈ ਹੜਤਾਲ'' ਵਿਚ ਬੰਦਰਗਾਹ, ਬੈਂਕ, ਮੰਤਰਾਲੇ ਅਤੇ ਕਈ ਹੋਰ ਖੇਤਰ ਵੀ ਸ਼ਾਮਲ ਹਨ। ਐਤਵਾਰ ਨੂੰ ਯੇਰੂਸ਼ਲਮ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨ ਦੀ ਵੀ ਯੋਜਨਾ ਹੈ। ਨੇਤਨਯਾਹੂ ਅਗਲੇ ਹਫਤੇ ਟੇਵਾ ਦੇ ਮੁਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੇਅਰ ਸ਼ੂਲਜ਼ ਨਾਲ ਮੁਲਾਕਾਤ ਕਰ ਸਕਦੇ ਹਨ।


Related News