ਤਾਲਿਬਾਨ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਅਮਰੀਕਾ ਮਗਰੋਂ ਹੁਣ IMF ਨੇ ਲਿਆ ਵੱਡਾ ਫ਼ੈਸਲਾ

Thursday, Aug 19, 2021 - 01:56 PM (IST)

ਵਾਸ਼ਿੰਗਟਨ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਮਗਰੋਂ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਅਮਰੀਕਾ ਦੇ ਬਾਅਦ ਹੁਣ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਅਫਗਾਨਿਸਤਾਨ ਨੂੰ ਮਿਲਣ ਵਾਲੀ ਕਰੀਬ 460 ਮਿਲੀਅਨ ਡਾਲਰ ਦੀ ਰਾਸ਼ੀ ਦੀ ਨਿਕਾਸੀ ਰੋਕ ਦਿੱਤੀ ਹੈ। ਆਈ.ਐੱਮ.ਐੱਫ. ਨੇ ਇਹ ਫ਼ੈਸਲਾ ਇੱਥੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਲਿਆ ਹੈ। ਆਈ.ਐੱਮ.ਐੱਫ. ਦਾ ਕਹਿਣਾ ਹੈ ਕਿ ਤਾਲਿਬਾਨ ਦੇ ਆਉਣ ਮਗਰੋਂ ਦੇਸ਼ ਵਿਚ ਗੜਬੜੀ ਦੇ ਹਾਲਾਤ ਹਨ। ਆਈ.ਐੱਮ.ਐੱਫ. ਦਾ ਇਹ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਦਬਾਅ ਦੇ ਬਾਅਦ ਸਾਹਮਣੇ ਆਇਆ ਹੈ। ਬਾਈਡੇਨ ਦਾ ਕਹਿਣਾ ਹੈਕਿ ਇਹ ਰਾਸ਼ੀ ਕਿਸੇ ਵੀ ਹਾਲਤ ਵਿਚ ਤਾਲਿਬਾਨੀਆਂ ਦੇ ਹੱਥਾਂ ਵਿਚ ਨਹੀਂ ਜਾਣੀ ਚਾਹੀਦੀ।

ਇਸ ਤੋਂ ਪਹਿਲਾਂ ਬਾਈਡੇਨ ਨੇ ਵਿਦੇਸ਼ ਵਿਚ ਜਮਾਂ ਦੇਸ਼ ਦੀ ਅਰਬਾਂ ਡਾਲਰ ਦੀ ਰਾਸ਼ੀ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਦੇ ਤਹਿਤ ਅਫਗਾਨਿਸਤਾਨ ਸੈਂਟਰਲ ਬੈਂਕ ਦੇ ਕਰੀਬ  70 ਹਜ਼ਾਰ ਕਰੋੜ ਰੁਪਏ (9.4 ਅਰਬ ਡਾਲਰ) ਦੀ ਰਾਸ਼ੀ ਜ਼ਬਤ ਕਰ ਲਈ ਗਈ ਸੀ। ਇਸ ਦੀ ਜਾਣਕਾਰੀ ਦੀ ਅਫਗਾਨ ਬੈਂਕ (ਡੀ.ਏ.ਬੀ.) ਦੇ ਕਾਰਜਕਾਰੀ ਗਵਰਨਰ ਅਜ਼ਮਲ ਅਹਿਮਦੀ ਨੇ ਦਿੱਤੀ ਸੀ। ਗੌਰਤਲਬ ਹੈ ਕਿ ਅਹਿਮਦੀ ਤਾਲਿਬਾਨ ਦੇ ਆਉਣ ਤੋਂ ਪਹਿਲਾਂ ਦੇਸ਼ ਛੱਡ ਚੁੱਕੇ ਸਨ। ਆਪਣੀ ਜਾਣਕਾਰੀ ਵਿਚ ਉਹਨਾਂ ਨੇ ਦੱਸਿਆ ਕਿ ਵਿਦੇਸ਼ ਵਿਚ ਅਫਗਾਨਿਸਤਾਨ ਦੇ ਕਰੀਬ 9.4 ਅਰਬ ਡਾਲਰ ਜਮਾਂ ਹਨ। ਇਹਨਾਂ ਵਿਚੋਂ ਲੱਗਭਗ 50 ਹਜ਼ਾਰ ਕਰੋੜ ਰੁਪਏ (7 ਅਰਬ ਡਾਲਰ) ਅਮਰੀਕੀ ਫੈਡਰਲ ਰਿਜਰਵ ਬੌਂਡ ਅਤੇ ਜਾਇਦਾਦ ਦੇ ਰੂਪ ਵਿਚ ਹਨ। ਇਸ ਦੇ ਇਲਾਵਾ ਇਸ ਵਿਚ 10 ਹਜ਼ਾਰ ਕਰੋੜ ਰੁਪਏ (1.3  ਅਰਬ) ਦਾ ਸੋਨਾ ਵੀ ਹੈ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ 'ਚ 'ਭੁੱਖਮਰੀ' ਫੈਲਣ ਦਾ ਖ਼ਦਸ਼ਾ, 1.4 ਕਰੋੜ ਲੋਕਾਂ ਦੀ ਜਾਨ ਖ਼ਤਰੇ 'ਚ

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿਚ ਅਮਰੀਕੀ ਪ੍ਰਸ਼ਾਸਨ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈਕਿ ਇਸ ਫ਼ੈਸਲੇ ਦਾ ਉਦੇਸ਼ ਬਾਈਡੇਨ ਪ੍ਰਸ਼ਾਸਨ ਵੱਲੋਂ ਤਾਲਿਬਾਨ 'ਤੇ ਦਬਾਅ ਬਣਾਉਣਾ ਸੀ। ਅਮਰੀਕਾ ਅਤੇ ਆਈ.ਐੱਮ.ਐੱਫ. ਦੇ ਫ਼ੈਸਲੇ ਦੇ ਬਾਅਦ ਤਾਲਿਬਾਨ ਲਈ ਇਹ ਚੁਣੌਤੀਆਂ ਭਰਿਆ ਸਮਾਂ ਹੈ।


Vandana

Content Editor

Related News