ਸੜਕਾਂ ''ਤੇ ਘੁੰਮਣ ਵਾਲੀ ''ਡੌਗ'' ਨੇ ਬਚਾਈ ਸੀ ਇੱਜ਼ਤ, ਲਗਭਗ 9600 ਕਿਲੋਮੀਟਰ ਪਾਰ ਕਰਕੇ ਆਈ ਕੁੜੀ ਨੇ ਲਿਆ ਗੋਦ (ਤਸਵੀਰਾਂ)

03/27/2017 6:28:33 PM

ਲੰਡਨ— ਕੁੱਤੇ ਵਫਾਦਾਰ ਹੁੰਦੇ ਹਨ ਇਹ ਤਾਂ ਸਾਰੇ ਜਾਣਦੇ ਹਨ ਪਰ ਇਨਸਾਨ ਵੀ ਇਨ੍ਹਾਂ ਦੇ ਕੀਤੇ ਕੰਮਾਂ ਦੇ ਕਰਜ਼ਦਾਰ ਹੁੰਦੇ ਹਨ ਅਤੇ ਇਹ ਕਰਜ਼ਾ ਇਕ ਕੁੜੀ ਨੇ ਇਸ ਤਰ੍ਹਾਂ ਉਤਾਰਿਆ ਕਿ ਮਿਸਾਲ ਬਣ ਗਈ। ਲੰਡਨ ਦੀ ਪਲਾਈਮਾਊਥ ਯੂਨੀਵਰਸਿਟੀ ਦੀ ਵਿਦਿਆਰਥਣ ਜਾਰਜੀਆ ਬਰੈਡਲੀ ਆਪਣੇ ਇਕ ਦੋਸਤ ਨਾਲ ਗਰੀਸ ਵਿਚ ਛੁੱਟੀਆਂ ਕੱਟਣ ਗਈ ਸੀ। ਇੱਥੇ ਇਕ ਦਿਨ ਬੀਚ ''ਤੇ ਜਦੋਂ ਉਹ ਇਕੱਲੀ ਘੁੰਮ ਰਹੀ ਸੀ ਤਾਂ ਦੋ ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਜ਼ਬਰਦਸਤੀ ਉਸ ਦਾ ਹੱਥ ਫੜ ਰਹੇ ਸਨ। ਉੱਥੇ ਇਹ ਸਭ ਕੁਝ ਦੇਖ ਰਹੀ ਇਕ ਅਵਾਰਾ ਘੁੰਮ ਰਹੀ ਡੌਗ ਨੂੰ ਜਿਵੇਂ ਸਭ ਕੁਝ ਸਮਝ ਆ ਗਿਆ। ਉਸ ਨੇ ਭੌਂਕ-ਭੌਂਕ ਦੇ ਬਦਮਾਸ਼ਾਂ ਨੂੰ ਡਰਾ ਕੇ ਭਜਾ ਦਿੱਤਾ। ਇੰਨਾਂ ਹੀ ਨਹੀਂ ਉਹ ਅਪਾਰਟਮੈਂਟ ਪੁੱਜਣ ਤੱਕ ਬਰੈਡਲੀ ਦਾ ਪਿੱਛਾ ਕਰਦੀ ਰਹੀ। 
ਬਰੈਡਲੀ ਨੇ ਪਿਆਰ ਨਾਲ ਉਸ ਡੌਗ ਨੂੰ ''ਪੈਪਰ'' ਨਾਂ ਦਿੱਤਾ ਅਤੇ ਲੰਡਨ ਚਲੀ ਗਈ। ਲੰਡਨ ਜਾ ਕੇ ਬਰੈਡਲੀ ਉਸ ਡੌਗ ਦੇ ਅਹਿਸਾਨ ਨੂੰ ਭੁਲਾ ਨਹੀਂ ਸਕੀ। ਉਹ ਲਗਾਤਾਰ ਉਸ ਬਾਰੇ ਸੋਚਦੀ ਰਹੀ ਅਤੇ ਆਖਰ 9656 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਹ ਉਸ ਡੌਗ ਨੂੰ ਅਪਨਾਉਣ ਲਈ ਦੁਬਾਰਾ ਗਰੀਸ ਪਹੁੰਚ ਗਈ। ਇੰਨੇਂ ਵੱਡੇ ਦੇਸ਼ ਵਿਚ ਉਸ ਡੌਗ ਨੂੰ ਲੱਭਣਾ ਬਰੈਡਲੀ ਲਈ ਇਕ ਚੁਣੌਤੀ ਸੀ ਪਰ ਉਸ ਦੀ ਕਿਸਮਤ ਚੰਗੀ ਸੀ ਕਿ ਉਸ ਨੂੰ ਪੈਪਰ ਉਸੇ ਬੀਚ ''ਤੇ ਘੁੰਮਦੀ ਹੋਈ ਮਿਲ ਗਈ। ਬਰੈਡਲੀ ਨੇ  ਉਸ ਅਵਾਰਾ ਡੌਗ ਨੂੰ ਗੋਦ ਲੈ ਲਿਆ। ਇਸ ਲਈ ਉਸ ਨੂੰ ਕਾਫੀ ਲੰਬੀ ਪ੍ਰਕਿਰਿਆ ''ਚੋਂ ਲੰਘਣਾ ਪਿਆ ਪਰ ਇਹ ਉਸ ਅਹਿਸਾਨ ਦੇ ਬਦਲੇ ਕੁਝ ਵੀ ਨਹੀਂ ਸੀ, ਜੋ ਪੈਪਰ ਨੇ ਉਸ ''ਤੇ ਕੀਤਾ ਸੀ। ਹੁਣ ਬਰੈਡਲੀ ਦੇ ਨਾਲ ਪੈਪਰ ਸਕੂਨ ਨਾਲ ਰਹਿ ਰਹੀ ਹੈ।

Kulvinder Mahi

News Editor

Related News