ਸ਼੍ਰੀਲੰਕਾ ਧਮਾਕੇ : ਆਸਟ੍ਰੇਲੀਆ ''ਚ ਰਹਿ ਚੁੱਕਾ ਹੈ ਆਤਮਘਾਤੀ ਹਮਲਾਵਰ

04/25/2019 11:56:41 AM

ਕੋਲੰਬੋ— ਸ਼੍ਰੀਲੰਕਾ ਦੇ ਰੱਖਿਆ ਮੰਤਰੀ ਰੂਵਨ ਵਿਜੇਵਰਧਨੇ ਨੇ ਕਿਹਾ ਹੈ ਕਿ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਲਈ ਜ਼ਿੰਮੇਵਾਰ 9 ਆਤਮਘਾਤੀ ਹਮਲਾਵਰਾਂ ਵਿਚੋਂ ਇਕ ਔਰਤ ਵੀ ਸੀ। 8 ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਇਕ ਹਮਲਾਵਰ ਬਰਤਾਨੀਆ ਅਤੇ ਆਸਟ੍ਰੇਲੀਆ 'ਚ ਪੜ੍ਹਾਈ ਕਰ ਚੁੱਕਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ। ਮੌਰੀਸਨ ਨੇ ਕਿਹਾ ਕਿ ਮੈਂ ਨਿਸ਼ਚਿਤ ਤੌਰ 'ਤੇ ਕਹਿ ਸਕਦਾ ਹਾਂ ਕਿ ਆਤਮਘਾਤੀ ਹਮਲਾਵਰ ਆਪਣੀ ਪਤਨੀ ਅਤੇ ਬੱਚੇ ਸਮੇਤ ਆਸਟ੍ਰੇਲੀਆ 'ਚ ਰਹਿ ਚੁੱਕਾ ਹੈ। ਆਪਣੇ ਪਰਿਵਾਰ ਸਮੇਤ ਉਹ 2013 'ਚ ਇੱਥੋਂ ਚਲਾ ਗਿਆ ਸੀ ਤੇ ਮੁੜ ਆਸਟ੍ਰੇਲੀਆ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਪਰ ਉਹ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਰੂਵਨ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਆਤਮਘਾਤੀ ਧਮਾਕੇ ਕਰਨ ਵਾਲਿਆਂ 'ਚੋਂ ਇਕ ਯੂ. ਕੇ. 'ਚ ਪੜ੍ਹਾਈ ਕਰਨ ਮਗਰੋਂ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਸੁਰੱਖਿਆ ਅਦਾਰਿਆਂ ਵਿਚ ਕੁਝ ਤਬਦੀਲੀ ਕਰਨ ਦੀ ਯੋਜਨਾ ਬਣਾ ਰਹੇ ਹਨ। ਆਸਟ੍ਰੇਲੀਅਨ ਇੰਟੈਲੀਜੈਂਸ ਏਜੰਸੀਆਂ ਇਸ ਮਾਮਲੇ 'ਚ ਸ਼੍ਰੀਲੰਕਾ ਅਧਿਕਾਰੀਆਂ ਦੀ ਮਦਦ ਕਰ ਰਹੀਆਂ ਹਨ। ਲੇਬਰ ਮੰਤਰੀ ਮਾਰਕ ਬੁਟਲਰ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਦੇ ਆਸਟ੍ਰੇਲੀਆ ਨਾਲ ਲਿੰਕ ਜੁੜੇ ਹੋਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਈਸਟਰ ਮੌਕੇ ਐਤਵਾਰ ਨੂੰ ਹੋਏ ਧਮਾਕਿਆਂ 'ਚ ਕਈ ਬੇਕਸੂਰਾਂ ਦੀ ਮੌਤ ਹੋ ਗਈ। 
ਸ਼੍ਰੀਲੰਕਾ ਦੇ ਰੱਖਿਆ ਮੰਤਰੀ ਰੂਵਨ ਵਿਜੇਵਰਧਨੇ ਨੇ ਮੰਗਲਵਾਰ ਨੂੰ ਸੰਸਦ 'ਚ ਕਿਹਾ ਕਿ ਸ਼੍ਰੀਲੰਕਾ ਦੇ ਦੋ ਅੱਤਵਾਦੀ ਗਰੁੱਪਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪੁਲਸ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬੰਬ ਧਮਾਕੇ ਕਰਨ ਦੀ ਸਾਜਸ਼ 'ਚ ਸ਼ਾਮਲ ਕੁਝ ਵਿਅਕਤੀ ਪਹਿਲਾਂ ਵੀ ਕਈ ਕੇਸਾਂ 'ਚ ਫਸੇ ਹੋਏ ਹਨ। ਪੂਰੇ ਦੇਸ਼ ਵਿਚ ਤਲਾਸ਼ੀਆਂ ਦੀ ਮੁਹਿੰਮ ਚਲਾਈ ਗਈ।


Related News