ਆਸਟ੍ਰੇਲੀਆ ਦੀ ਹਮਲਾਵਰ ਸ਼ੈਲੀ ਨਾਲ ਨਜਿੱਠਣ ਲਈ ਬਿਹਤਰ ਪਾਸਿੰਗ ਤੇ ਤਾਲਮੇਲ ਦੀ ਲੋੜ : ਰੁਪਿੰਦਰ
Wednesday, Apr 17, 2024 - 10:27 AM (IST)

ਨਵੀਂ ਦਿੱਲੀ– ਸਾਬਕਾ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੂੰ ਲੱਗਦਾ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਬਿਹਤਰ ਰੱਖਿਆਤਮਕ ਤਾਲਮੇਲ ਤੇ ਬਿਹਤਰ ਪਾਸਿੰਗ ਨਾਲ ਆਸਟ੍ਰੇਲੀਆ ਦੀ ਹਮਲਾਵਰ ਖੇਡ ਸ਼ੈਲੀ ਨਾਲ ਨਜਿੱਠ ਸਕਦੀ ਹੈ। ਹਾਲ ਹੀ ਵਿਚ ਭਾਰਤ ਨੂੰ ਪਰਥ ਵਿਚ ਹੋਈ 5 ਟੈਸਟਾਂ ਦੀ ਲੜੀ ਵਿਚ ਆਸਟ੍ਰੇਲੀਆ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਦੌਰਾ ਭਾਰਤ ਲਈ ਨਿਰਾਸ਼ਾਜਨਕ ਰਿਹਾ ਜਦਕਿ ਇਸ ਤੋਂ ਪਹਿਲਾਂ ਟੀਮ ਨੇ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ। ਟੀਮ ਤੋਂ ਜੁਲਾਈ-ਅਗਸਤ ਵਿਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਟੋਕੀਓ ਓਲੰਪਿਕ ਦੇ ਕਾਂਸੀ ਤਮਗੇ ਤੋਂ ਬਿਹਤਰ ਜਾਂ ਇਸ ਦੇ ਬਰਾਬਰੀ ਵਾਲੇ ਪ੍ਰਦਰਸ਼ਨ ਦੀ ਉਮੀਦ ਹੈ।
ਭਾਰਤ ਦੀ 2014 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਟੀਮ ਦਾ ਮੈਂਬਰ ਸਿੰਘ ਹਾਲਾਂਕਿ ਆਸਟ੍ਰੇਲੀਆ ਵਿਰੁੱਧ ਇਸ ਨਤੀਜੇ ਤੋਂ ਵੱਧ ਚਿੰਤਿਤ ਨਹੀਂ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਟੀਮ ਹਰੇਕ ਮੈਚ ਦੇ ਨਾਲ ਸੁਧਾਰ ਕਰਦੀ ਗਈ।
ਸਿੰਘ ਨੇ ਕਿਹਾ, ‘‘ਅਸੀਂ ਪਹਿਲਾ ਮੈਚ 5-1 ਨਾਲ ਹਾਰੇ ਪਰ ਇਸ ਤੋਂ ਬਾਅਦ ਟੀਮ ਨੇ ਸੁਧਾਰ ਕੀਤਾ ਤੇ ਸਕੋਰ ਬਰਾਬਰੀ ਦਾ ਰਿਹਾ। ਅਸੀਂ ਕੁਝ ਮੌਕੇ ਗੁਆਏ, ਜਿਸ ਨੂੰ ਦੇਖਦੇ ਹੋਏ ਓਲੰਪਿਕ ਤੋਂ ਪਹਿਲਾਂ ਕੁਝ ਕੰਮ ਕਰਨ ਦੀ ਲੋੜ ਹੈ। ਇਹ ਲੜੀ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਸੀ, ਜਿਸ ਵਿਚ ਨਵੇਂ ਵੈਰੀਏਸ਼ਨ ਤੇ ਖਿਡਾਰੀਆਂ ਨੂੰ ਅਜਮਾਇਆ ਗਿਆ ਸੀ।’’
ਆਸਟ੍ਰੇਲੀਆ ਦੀ ਹਮਲਾਵਰ ਸ਼ੈਲੀ ਨਾਲ ਨਜਿੱਠਣ ਦੇ ਤਰੀਕੇ ਦੇ ਬਾਰੇ ਵਿਚ ਪੁੱਛਣ ’ਤੇ ਉਸ ਨੇ ਕਿਹਾ ਕਿ ਨਵੀਂ ਤਰ੍ਹਾਂ ਦੀ ਪਾਸਿੰਗ ਨਾਲ ਨਜਿੱਠਿਆ ਜਾ ਸਕਦਾ ਹੈ। ਉਸ ਨੇ ਸੁਝਾਅ ਦਿੱਤਾ ਕਿ ਆਸਟ੍ਰੇਲੀਆ ਨਾਲ ਨਜਿੱਠਣ ਲਈ ਉੱਚ ਪੱਧਰੀ ਤਾਲਮੇਲ ਦੀ ਲੋੜ ਹੈ, ਜਿਸ ਵਿਚ ਡਿਫੈਂਡਰ ਤੋਂ ਡਿਫੈਂਡਰ ਤਕ ਗੇਂਦ ਟ੍ਰਾਂਸਫਰ ਕਰਨਾ, ਮਿਡਫੀਲਡ ਵਿਚ ਡਿਫੈਂਡਰਾਂ ਦੇ ਤੇਜ਼ ਪਾਸ, ਉੱਪਰ ਦੇ ਪਾਸ ਇਸ ਤਰ੍ਹਾਂ ਦੀ ਸ਼ੈਲੀ ਨਾਲ ਨਜਿੱਠਣ ਲਈ ਫਾਇਦੇਮੰਦ ਹੋ ਸਕਦੇ ਹਨ।’’