ਆਸਟ੍ਰੇਲੀਆ ਵਿਰੁੱਧ ਹਾਕੀ ਟੈਸਟ ਸੀਰੀਜ਼ ’ਚ ਭਾਰਤ ਦੀ ਹਾਰ ਨਾਲ ਸ਼ੁਰੂਆਤ

04/06/2024 7:58:01 PM

ਪਰਥ, (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਸਟ੍ਰੇਲੀਆ ਦੀ ਮਜ਼ਬੂਤ ਟੀਮ ਨੂੰ ਸਖਤ ਚੁਣੌਤੀ ਦੇਵੇਗੀ ਪਰ ਸ਼ਨੀਵਾਰ ਨੂੰ ਇੱਥੇ 5 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਅਜਿਹਾ ਕੁਝ ਨਹੀਂ ਦੇਖਣ ਨੂੰ ਮਿਲਿਆ ਤੇ ਮਹਿਮਾਨ ਟੀਮ ਨੂੰ 1-5 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀ ਟੀਮ ਨੇ ਖੇਡ ਸ਼ੁਰੂ ਹੋਣ ਤੋਂ ਲੈ ਕੇ ਆਖਿਰ ਤਕ ਦਬਦਬਾ ਬਣਾਈ ਰੱਖਿਆ। ਭਾਰਤੀ ਟੀਮ ਨੇ ਆਖਰੀ ਕੁਆਰਟਰ ਵਿਚ ਕੁਝ ਚੰਗਾ ਪ੍ਰਦਰਸ਼ਨ ਕੀਤਾ ਪਰ ਤਦ ਤਕ ਬਹੁਤ ਦੇਰ ਹੋ ਚੁੱਕੀ ਸੀ। ਆਸਟ੍ਰੇਲੀਆ ਵੱਲੋਂ ਟਾਮ ਵਿਕਮ (20ਵੇਂ ਤੇ 38ਵੇਂ ਮਿੰਟ) ਨੇ ਦੋ ਗੋਲ ਜਦਕਿ ਟਿਮ ਬ੍ਰਾਂਡ (ਤੀਜੇ), ਜੋਏਲ ਰਿੰਟਾਲਾ (37ਵੇਂ) ਤੇ ਫਿਲਨ ਓਗਲਿਵੀ (57ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤ ਲਈ ਇਕਲੌਤਾ ਗੋਲ ਗੁਰਜੰਟ ਸਿੰਘ ਨੇ 47ਵੇਂ ਮਿੰਟ ਵਿਚ ਕੀਤਾ।

ਆਸਟ੍ਰੇਲੀਆ ਦੀ ਟੀਮ ਨੇ ਖੇਡ ਸ਼ੁਰੂ ਹੁੰਦੇ ਹੀ ਆਪਣੇ ਇਰਾਦੇ ਜਤਾ ਦਿੱਤੇ ਸਨ ਤੇ ਉਸ ਨੇ ਤੀਜੇ ਮਿੰਟ ਵਿਚ ਹੀ ਪਹਿਲਾ ਗੋਲ ਕਰ ਦਿੱਤਾ ਸੀ। ਬ੍ਰਾਂਡ ਨੂੰ ਲੰਬਾ ਪਾਸ ਮਿਲਿਆ ਤੇ ਉਸ ਨੇ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੂੰ ਝਕਾਨੀ ਦੇ ਕੇ ਗੋਲ ਕਰ ਦਿੱਤਾ। ਆਸਟ੍ਰੇਲੀਆ ਨੇ ਇਸ ਤੋਂ ਬਾਅਦ ਵੀ ਭਾਰਤੀ ਡਿਫੈਂਡਰਾਂ ’ਤੇ ਦਬਾਅ ਰੱਖਿਆ। ਉਸ ਨੇ 8ਵੇਂ ਮਿੰਟ ਵਿਚ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਸ ਵਾਰ ਸ਼੍ਰੀਜੇਸ਼ ਨੇ ਚੰਗਾ ਬਚਾਅ ਕੀਤਾ। ਆਸਟ੍ਰੇਲੀਆ ਨੂੰ ਇਸਦੇ ਇਕ ਮਿੰਟ ਬਾਅਦ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਇਸ ਵਾਰ ਵੀ ਸ਼੍ਰੀਜੇਸ਼ ਨੇ ਰਿੰਟਾਲਾ ਦੀ ਸ਼ਾਟ ਨੂੰ ਰੋਕ ਦਿੱਤਾ। ਭਾਰਤੀ ਡਿਫੈਂਡਰਾਂ ਦੀ ਗਲਤੀ ਕਾਰਨ ਆਸਟ੍ਰੇਲੀਆ ਨੇ ਦੂਜੇ ਕੁਆਰਟਰ ਦੇ 5ਵੇਂ ਮਿੰਟ ਵਿਚ ਆਪਣੀ ਬੜ੍ਹਤ ਨੂੰ 2-0 ਕਰ ਦਿੱਤਾ ਤੇ ਹਾਫ ਟਾਈਮ ਤਕ ਇਸ ਨੂੰ ਬਰਕਰਾਰ ਰੱਖਿਆ। ਆਸਟ੍ਰੇਲੀਆ ਨੇ ਦੂਜੇ ਹਾਫ ਵਿਚ ਵੀ ਆਪਣਾ ਹਮਲਾਵਰ ਰਵੱਈਆ ਜਾਰੀ ਰੱਖਿਆ। ਤੀਜੇ ਕੁਆਰਟਰ ਦੇ 7ਵੇਂ ਮਿੰਟ ਵਿਚ ਰਿੰਟਾਲਾ ਨੇ ਕਾਈ ਵਿਲੋਟ ਦੀ ਰਿਵਰਸ ਹਿੱਟ ਨੂੰ ਡਿਫਲੈਕਟ ਕਰਕੇ ਗੋਲ ਕੀਤਾ। ਵਿਕਮ ਨੇ ਇਸ ਦੇ ਤੁਰੰਤ ਬਾਅਦ ਖੱਬੇ ਕਾਰਨਰ ਤੋਂ ਕਰਾਰੀ ਸ਼ਾਟ ਲਾ ਕੇ ਆਪਣਾ ਦੂਜਾ ਤੇ ਆਸਟ੍ਰੇਲੀਆ ਵੱਲੋਂ ਚੌਥਾ ਗੋਲ ਕੀਤਾ। ਚਾਰ ਗੋਲਾਂ ਨਾਲ ਪਿਛੜਨ ਤੋਂ ਬਾਅਦ ਭਾਰਤੀਆਂ ਨੇ ਕੁਝ ਉਤਵਾਲਾਪਨ ਦਿਖਾਇਆ ਪਰ ਉਹ ਮੌਕੇ ਬਣਾਉਣ ਵਿਚ ਅਸਫਲ ਰਹੇ।

ਤੀਜੇ ਕੁਆਰਟਰ ਵਿਚ ਭਾਰਤ 2 ਵਾਰ ਗੋਲ ਕਰਨ ਦੀ ਸਥਿਤੀ ਵਿਚ ਪਹੁੰਚਿਆ ਸੀ ਪਰ ਆਸਟ੍ਰੇਲੀਆ ਦੇ ਗੋਲਕੀਪਰ ਐਂਡ੍ਰਿਊ ਚਾਰਟਰ ਨੇ ਆਸਾਨੀ ਨਾਲ ਉਸਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ। ਆਸਟ੍ਰੇਲੀਆ ਨੇ ਚੌਥੇ ਕੁਆਰਟਰ ਦੇ ਸ਼ੁਰੂ ਵਿਚ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਉਹ ਇਸਦਾ ਫਾਇਦਾ ਨਹੀਂ ਚੁੱਕ ਸਕਿਆ। ਭਾਰਤ ਵਿਚ ਇਸਦੇ ਤੁਰੰਤ ਬਾਅਦ ਜਵਾਬੀ ਹਮਲਾ ਕੀਤਾ ਤੇ ਮੁਹੰਮਦ ਰਹੀਲ ਦੇ ਪਾਸ ’ਤੇ ਗੁਰਜੰਟ ਗੋਲ ਕਰਨ ਵਿਚ ਸਫਲ ਰਿਹਾ। ਭਾਰਤ ਨੇ ਇਸ ਤੋਂ ਬਾਅਦ ਕੁਝ ਚੰਗੇ ਮੂਵ ਬਣਾਏ ਪਰ ਉਹ ਆਸਟ੍ਰੇਲੀਆ ਦੇ ਡਿਫੈਂਡਿੰਗ ਲਾਈਨ ਵਿਚ ਸੰਨ੍ਹ ਨਹੀਂ ਲਾ ਸਕੇ। ਭਾਰਤ ਨੇ ਇਸ ਤੋਂ ਬਾਅਦ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਕਪਤਾਨ ਹਰਮਨਪ੍ਰੀਤ ਸਿੰਘ ਇਨ੍ਹਾਂ ’ਤੇ ਗੋਲ ਨਹੀਂ ਕਰ ਸਕਿਆ। ਆਸਟ੍ਰੇਲੀਆ ਨੇ ਖੇਡ ਖਤਮ ਹੋਣ ਤੋਂ 3 ਮਿੰਟ ਪਹਿਲਾਂ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਓਗਲਿਵੀ ਨੇ ਗੋਲ ਵਿਚ ਬਦਲਿਆ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਐਤਵਾਰ ਨੂੰ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਇਹ ਲੜੀ ਖੇਡ ਰਹੇ ਹਨ।


Tarsem Singh

Content Editor

Related News