ਸ਼੍ਰੀਲੰਕਾ ਨੇ ਜੀ-7 ਦੇਸ਼ਾਂ ਵੱਲੋਂ ਕਰਜ਼ ਰਾਹਤ ਦਿਵਾਉਣ ਦੇ ਐਲਾਨ ਦਾ ਕੀਤਾ ਸੁਆਗਤ : ਵਿਕਰਮਸਿੰਘੇ
Friday, May 20, 2022 - 03:42 PM (IST)

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਸ਼ੁੱਕਰਵਾਰ ਨੂੰ ਜੀ-7 ਦੇਸ਼ਾਂ ਦੀ ਇਸ ਘੋਸ਼ਣਾ ਦਾ ਸੁਆਗਤ ਕੀਤਾ ਕਿ ਉਹ ਸਭ ਤੋਂ ਮਾੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਟਾਪੂ ਦੇਸ਼ ਨੂੰ ਕਰਜ਼ਾ ਰਾਹਤ ਦਿਵਾਉਣ ਲਈ ਮਦਦ ਕਰਨਗੇ। ਸ੍ਰੀਲੰਕਾ 1948 ਵਿੱਚ ਆਪਣੀ ਆਜ਼ਾਦੀ ਤੋਂ ਬਾਅਦ ਸਭ ਤੋਂ ਖਰਾਬ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਵਿਦੇਸ਼ੀ ਮੁਦਰਾ ਦੀ ਭਾਰੀ ਕਮੀ ਹੋ ਗਈ ਹੈ, ਜਿਸ ਕਾਰਨ ਮਹਿੰਗਾਈ ਵਧੀ ਹੈ ਅਤੇ ਬਾਲਣ, ਰਸੋਈ ਗੈਸ, ਭੋਜਨ ਅਤੇ ਬਿਜਲੀ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਚੁਣੌਤੀਪੂਰਨ ਦੌਰ ਵਿੱਚ ਸੱਤ ਦੇਸ਼ਾਂ ਦੇ ਸਮੂਹ (G7) ਨੇ ਐਲਾਨ ਕੀਤਾ ਹੈ ਕਿ ਉਹ ਕਰਜ਼ਾ ਰਾਹਤ ਪ੍ਰਾਪਤ ਕਰਨ ਵਿੱਚ ਸ਼੍ਰੀਲੰਕਾ ਦੀ ਮਦਦ ਕਰੇਗਾ।
ਜੀ 7 ਸਮੂਹ ਵਿੱਚ ਯੂਕੇ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਵਿਕਰਮਾਸਿੰਘੇ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਮੈਂ ਜੀ-7 ਦੇਸ਼ਾਂ ਦੀ ਇਸ ਘੋਸ਼ਣਾ ਦਾ ਸੁਆਗਤ ਕਰਦਾ ਹਾਂ ਕਿ ਉਹ ਸ਼੍ਰੀਲੰਕਾ ਨੂੰ ਕਰਜ਼ਾ ਰਾਹਤ 'ਚ ਮਦਦ ਕਰਨਗੇ। ਸ਼੍ਰੀਲੰਕਾ ਦੇ ਨਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਨਿਰੰਤਰ ਸ਼ਮੂਲੀਅਤ ਆਰਥਿਕ ਸੰਕਟ ਤੋਂ ਉਭਰਨ ਦੀ ਕੁੰਜੀ ਹੈ। ਇਸ ਦੌਰਾਨ ਜਾਪਾਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਦੀ ਮਦਦ ਲਈ 15 ਲੱਖ ਡਾਲਰ ਫੰਡ ਦੇਣ ਦਾ ਐਲਾਨ ਕੀਤਾ। ਫੰਡਾਂ ਦੀ ਵਰਤੋਂ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (WFP) ਦੁਆਰਾ ਲੋੜਵੰਦ ਬੱਚਿਆਂ ਅਤੇ ਪਰਿਵਾਰਾਂ ਨੂੰ ਭੋਜਨ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ - ਹੁਣ ਵਿਦੇਸ਼ 'ਚ ਵੀ 'ਭਾਰਤ ਮਾਰਗ', ਰਾਸ਼ਟਰਪਤੀ ਕੋਵਿੰਦ ਨੇ ਕੀਤਾ ਉਦਘਾਟਨ
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੂੰ ਭੁਗਤਾਨ ਕਰਨ ਵਿੱਚ ਡਿਫਾਲਟ ਸੀ। ਇਸ ਨਾਲ ਸ੍ਰੀਲੰਕਾ ਨੂੰ ਨਵੇਂ ਫੰਡ ਮਿਲਣ ਦਾ ਰਾਹ ਬੰਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਇਸ ਟਾਪੂ ਦੇਸ਼ ਲਈ ਬਹੁਪੱਖੀ ਸੰਸਥਾ ਤੋਂ ਫੰਡਿੰਗ ਬੰਦ ਹੋਣਾ ਵੱਡਾ ਝਟਕਾ ਸਾਬਤ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡੀਅਨ ਸੰਸਦ 'ਚ ਭਾਰਤੀ ਮੂਲ ਦੇ ਸਾਂਸਦ ਵੱਲੋਂ 'ਕੰਨੜ' 'ਚ ਭਾਸ਼ਣ, ਖੂਬ ਵੱਜੀਆਂ ਤਾੜੀਆਂ (ਵੀਡੀਓ)