ਮੈਲਬੌਰਨ ''ਚ ਖੇਡ ਮੇਲਾ ਸਫ਼ਲਤਾ ਪੂਰਵਕ ਹੋਇਆ ਸਮਾਪਤ

Friday, Jan 28, 2022 - 04:11 PM (IST)

ਮੈਲਬੌਰਨ ''ਚ ਖੇਡ ਮੇਲਾ ਸਫ਼ਲਤਾ ਪੂਰਵਕ ਹੋਇਆ ਸਮਾਪਤ

ਮੈਲਬੌਰਨ (ਮਨਦੀਪ ਸਿੰਘ ਸੈਣੀ)-  ਬੀਤੇ ਦਿਨੀਂ ਮੈਲਬੌਰਨ ਦੇ ਇਲਾਕੇ ਕੋਬਲਬੈਂਕ ਵਿਚ ਪਨਵਿੱਕ ਗਰੁੱਪ ਅਤੇ ਬਰਾੜ ਹੋਮਜ ਦੇ ਸਹਿਯੋਗ ਨਾਲ ਸਿੱਖ ਯੂਨਾਈਟਿਡ ਕਲੱਬ ਵੱਲੋਂ ਤੀਸਰਾ ਖੇਡ ਟੂਰਨਾਮੈਂਟ ਕਰਵਾਇਆ ਗਿਆ। ਦੋ ਦਿਨਾਂ ਤੱਕ ਚੱਲੇ ਇਸ ਖੇਡ ਮੇਲੇ ਵਿਚ ਵਾਲੀਬਾਲ ਦੀਆਂ 14 ਅਤੇ ਬਾਸਕਿਟਬਾਲ ਦੀਆਂ 5 ਟੀਮਾਂ ਨੇ ਭਾਗ ਲਿਆ। ਸਫ਼ਲਤਾਪੂਰਵਕ ਸਮਾਪਤ ਹੋਏ ਇਸ ਟੂਰਨਾਮੈਂਟ ਵਿਚ ਮੈਲਬੌਰਨ ਤੋਂ ਇਲਾਵਾ ਸਿਡਨੀ, ਬ੍ਰਿਸਬੇਨ ਤੇ ਐਡੀਲੇਡ ਸ਼ਹਿਰਾਂ ਦੀਆਂ ਟੀਮਾਂ ਵੀ ਪਹੁੰਚੀਆਂ।

PunjabKesari

ਡਵੀਜਨ ਇਕ ਦੇ ਮੁਕਾਬਲਿਆਂ ਵਿਚ ਬਾਬਾ ਬੁੱਢਾ ਜੀ ਕਲੱਬ ਦੀ ਟੀਮ ਜੇਤੂ ਰਹੀ ਅਤੇ ਰਾਇਲ ਕਿੰਗ ਮੈਲਬੌਰਨ ਉਪ ਜੇਤੂ ਬਣਿਆ। ਟਰਾਫੀਆਂ ਤੇ ਮੈਡਲਾਂ ਤੋਂ ਇਲਾਵਾ ਜੇਤੂ ਟੀਮ ਨੂੰ 2100 ਡਾਲਰ ਅਤੇ ਉਪ ਜੇਤੂ ਟੀਮ ਨੂੰ 1000 ਡਾਲਰ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਡਵੀਜਨ ਦੋ ਦੇ ਮੁਕਾਬਲਿਆਂ ਵਿਚ ਨੌਰਥਨ ਪੰਜਾਬੀ ਸਪੋਰਟਸ ਕਲੱਬ ਦੀ ਜੇਤੂ ਟੀਮ ਨੂੰ 1100 ਅਤੇ ਸਿੰਘ ਸਭਾ ਸਪੋਰਟਸ ਕਲੱਬ ਦੀ ਉਪ ਜੇਤੂ ਟੀਮੂ ਨੂੰ 900 ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ।

ਬਾਸਕਿਟਬਾਲ ਦੇ ਮੁਕਾਬਲਿਆਂ ਵਿਚ ਸਿੱਖ ਯੂਨਾਈਟਿਡ ਕਲੱਬ ਮੈਲਬੌਰਨ ਪਹਿਲਾ ਸਥਾਨ ਪ੍ਰਾਪਤ ਕਰ 700 ਡਾਲਰ ਦਾ ਜੇਤੂ ਰਿਹਾ ਅਤੇ ਕੇਰਲਾ ਸਪੋਰਟਸ ਕਲੱਬ ਉਪ ਜੇਤੂ ਰਹਿ ਕੇ 400 ਡਾਲਰ ਦਾ ਹੱਕਦਾਰ ਬਣਿਆ। ਟੂਰਨਾਮੈਂਟ ਦੇ ਆਖਰੀ ਦਿਨ ਸਿੱਖ ਯੂਨਾਈਟਿਡ ਕਲੱਬ ਦੇ ਮੈਂਬਰਾਂ ਅਤੇ ਖਿਡਾਰੀਆਂ ਵੱਲੋਂ ਜੇਤੂ ਟੀਮਾਂ ਨੂੰ  ਵਧਾਈ ਦਿੱਤੀ ਗਈ। ਆਸਟ੍ਰੇਲੀਆ ਸਰਕਾਰ ਦੀਆਂ ਕੋਵਿਡ ਪਾਬੰਦੀਆਂ ਨੂੰ ਧਿਆਨ ਵਿਚ ਰੱਖਦਿਆਂ ਟੂਰਨਾਮੈਂਟ ਦੇ ਸਫ਼ਲਤਾਪੂਰਵਕ ਨੇਪਰੇ ਚੜਨ ਦੀ ਜਾਣਕਾਰੀ ਸਿੱਖ ਯੂਨਾਈਟਿਡ ਕਲੱਬ ਦੇ ਅਹੁਦੇਦਾਰਾਂ ਮਨਜੋਤ, ਮੇਜਰ ਅਤੇ ਗੁਰਤੇਜ ਵੱਲੋਂ ਸਾਂਝੀ ਕੀਤੀ ਗਈ। ਕਲੱਬ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਦੂਰੋਂ-ਨੇੜਿਓਂ ਪਹੁੰਚਣ ਵਾਲੇ ਖਿਡਾਰੀਆਂ ਅਤੇ ਟੀਮਾਂ ਦਾ ਧੰਨਵਾਦ ਕੀਤਾ ਗਿਆ।


author

cherry

Content Editor

Related News