ਦੱਖਣੀ ਕੋਰੀਆ ''ਚ ਕੋਰੋਨਾਵਾਇਰਸ ਦੇ ਦੂਜੇ ਮਾਮਲੇ ਦੀ ਪੁਸ਼ਟੀ
Friday, Jan 24, 2020 - 11:41 AM (IST)

ਸਿਓਲ (ਭਾਸ਼ਾ): ਜਾਪਾਨ ਦੇ ਬਾਅਦ ਹੁਣ ਦੱਖਣੀ ਕੋਰੀਆ ਵਿਚ ਵੀ ਸਾਰਸ ਜਿਹੇ ਵਾਇਰਸ ਦੇ ਦੂਜੇ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਵਾਇਰਸ ਕਾਰਨ ਚੀਨ ਵਿਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਵੱਡੇ ਪੱਧਰ 'ਤੇ ਫੈਲਣ ਦਾ ਖਦਸ਼ਾ ਹੈ। ਕੋਰੋਨਾਵਾਇਰਸ ਦੇ ਰੂਪ ਵਿਚ ਨਿਸ਼ਾਨਬੱਧ ਇਸ ਵਾਇਰਸ ਦੇ ਖਤਰਿਆਂ ਦੇ ਮੱਦੇਨਜ਼ਰ ਕਈ ਦੇਸ਼ਾਂ ਨੇ ਹਵਾਈ ਅੱਡੇ 'ਤੇ ਯਾਤਰੀਆਂ ਵਿਚ ਇਸ ਦੀ ਡੂੰਘੀ ਜਾਂਚ ਕੀਤੀ। ਕੋਰੋਨਾਵਾਇਰਸ ਦੀਆਂ ਜੈਨੇਟਿਕ ਸਮਾਨਤਾਵਾਂ ਸਾਰਸ (severe acute Respiratory Syndrome) ਵਾਲੀਆਂ ਹਨ।
ਸਾਰਸ ਕਾਰਨ ਸਾਲ 2002-03 ਵਿਚ ਚੀਨ ਅਤੇ ਹਾਂਗਕਾਂਗ ਵਿਚ ਕਰੀਬ 650 ਲੋਕਾਂ ਦੀ ਮੌਤ ਹੋਈ ਸੀ। ਇਹਨਾਂ ਦੀਆਂ ਜੈਨੇਟਿਕ ਸਮਾਨਤਾਵਾਂ ਕਾਰਨ ਚੀਨ ਵਿਚ ਜ਼ਿਆਦਾ ਸਾਵਧਾਨੀ ਵਰਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸਿਓਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਵੁਹਾਨ ਵਿਚ ਕੰਮ ਕਰ ਰਹੇ ਦੱਖਣੀ ਕੋਰੀਆ ਦੇ ਲੱਗਭਗ 50 ਸਾਲ ਦੇ ਇਕ ਵਿਅਕਤੀ ਵਿਚ 10 ਜਨਵਰੀ ਨੂੰ ਇਸ ਦੇ ਲੱਛਣ ਨਜ਼ਰ ਆਉਣ ਲੱਗੇ ਸਨ। ਮੰਤਰਾਲੇ ਨੇ ਦੱਸਿਆ ਕਿ ਇਸ ਹਫਤੇ ਦੀ ਸ਼ੁਰੂਆਤ ਵਿਚ ਦੇਸ਼ ਪਰਤਣ 'ਤੇ ਉਸ ਵਿਅਕਤੀ ਦੀ ਜਾਂਚ ਕੀਤੀ ਗਈ ਅਤੇ ਵੀਰਵਾਰ ਨੂੰ ਉਸ ਦੇ ਦੱਖਣੀ ਕੋਰੀਆ ਦੇ ਇਸ ਵਾਇਰਸ ਨਾਲ ਪੀੜਤ ਦੂਜੇ ਮਾਮਲੇ ਦੇ ਰੂਪ ਵਿਚ ਪੁਸ਼ਟੀ ਹੋ ਗਈ।
ਰੋਗ ਦੇ ਪ੍ਰਸਾਰ ਨੂੰ ਦੇਖਦੇ ਹੋਏ ਚੀਨ ਵਿਚ ਕਈ ਸ਼ਹਿਰਾਂ ਵਿਚ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਪਰ ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਕਿਹਾ ਕਿ ਇਹ ਰੋਗ ਹਾਲੇ ਵੀ ਗਲੋਬਲ ਸਿਹਤ ਐਮਰਜੈਂਸੀ ਸਥਿਤੀ ਦੇ ਦਾਇਰੇ ਵਿਚ ਨਹੀਂ ਆਇਆ ਹੈ।