ਸਾਊਥ ਡਕੋਟਾ ਵੱਲੋਂ ਟੈਕਸਾਸ ''ਚ ਭੇਜੇ ਜਾਣਗੇ ਨੈਸ਼ਨਲ ਗਾਰਡ ਦੇ ਜਵਾਨ
Friday, Jul 02, 2021 - 01:42 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਟੈਕਸਾਸ ਵਿਚ ਮੈਕਸੀਕੋ ਦੀ ਸਰਹੱਦ ਰਾਹੀਂ ਵੱਧ ਰਹੀ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਵਿਚ ਸਹਾਇਤਾ ਕਰਨ ਲਈ ਸਾਊਥ ਡਕੋਟਾ ਦੇ ਨੈਸ਼ਨਲ ਗਾਰਡ ਦੇ ਸੈਨਿਕਾਂ ਵੱਲੋਂ ਵੀ ਯੋਗਦਾਨ ਪਾਇਆ ਜਾਵੇਗਾ। ਇਸ ਸਬੰਧੀ ਸਾਊਥ ਡਕੋਟਾ ਦੀ ਗਵਰਨਰ ਕ੍ਰਿਸ਼ਟੀ ਨੋਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮੈਕਸੀਕੋ ਦੀ ਸਰਹੱਦ 'ਤੇ ਨੈਸ਼ਨਲ ਗਾਰਡ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਨੋਮ ਦੀ ਘੋਸ਼ਣਾ ਅਨੁਸਾਰ 50 ਦੇ ਕਰੀਬ ਸਾਊਥ ਡਕੋਟਾ ਦੇ ਨੈਸ਼ਨਲ ਗਾਰਡ ਦੇ ਸੈਨਿਕਾਂ ਦੀ ਟੈਕਸਾਸ ਵਿਚ ਸਰਹੱਦੀ ਖੇਤਰ 'ਚ ਤਾਇਨਾਤੀ ਹੋਵੇਗੀ।
ਅਮਰੀਕਾ ਵਿਚ ਰਿਪਬਲਿਕਨ ਨੇਤਾਵਾਂ ਵੱਲੋਂ ਸਰਹੱਦੀ ਖੇਤਰ ਵਿਚ ਵੱਧ ਰਹੀ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਮਦ ਕਰਕੇ ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਟੈਕਸਾਸ ਦੇ ਗਵਰਗ ਗ੍ਰੇਗ ਐਬੋਟ ਨੇ ਵੀ ਇਸ ਮਹੀਨੇ ਸਰਹੱਦ ਦੇ ਨਾਲ ਵਧੇਰੇ ਸਖ਼ਤੀ ਅਤੇ ਰੁਕਾਵਟਾਂ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਗਵਰਨਰ ਅਨੁਸਾਰ ਤਕਰੀਬਨ 250 ਮਿਲੀਅਨ ਡਾਲਰ ਦੀ ਰਕਮ ਸਰਹੱਦੀ ਖੇਤਰ ਵਿਚ ਰੁਕਾਵਟਾਂ ਲਈ ਖ਼ਰਚ ਕੀਤੀ ਜਾਵੇਗੀ। ਨੋਮ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਿੱਜੀ ਡੋਨੇਸ਼ਨ ਸੰਸਥਾ ਸਾਊਥ ਡਕੋਟਾ ਦੇ ਨੈਸ਼ਨਲ ਗਾਰਡ ਦੀਆਂ ਫੌਜਾਂ ਭੇਜਣ ਦੀ ਲਾਗਤ ਲਈ ਫੰਡਿੰਗ ਕਰੇਗੀ ਅਤੇ ਇਹ ਤਾਇਨਾਤੀ 30 ਤੋਂ 60 ਦਿਨਾਂ ਤੱਕ ਚੱਲਣ ਦੀ ਉਮੀਦ ਹੈ। ਇਸ ਪ੍ਰਕਿਰਿਆ ਵਿਚ ਸ਼ਾਮਲ ਹੋਰ ਸੂਬੇ ਲੱਗਭਗ 2 ਹਫ਼ਤਿਆਂ ਲਈ ਹੀ ਅਧਿਕਾਰੀਆਂ ਨੂੰ ਟੈਕਸਾਸ ਭੇਜ ਰਹੇ ਹਨ।