ਆਸਟ੍ਰੇਲੀਆ ‘ਚ ਪੰਜਾਬੀ ਕੁੜੀ ਦਾ ਕਤਲ, ਕਬਰ ''ਚੋਂ ਮਿਲੀ ਲਾਸ਼

Wednesday, Mar 10, 2021 - 06:08 PM (IST)

ਆਸਟ੍ਰੇਲੀਆ ‘ਚ ਪੰਜਾਬੀ ਕੁੜੀ ਦਾ ਕਤਲ, ਕਬਰ ''ਚੋਂ ਮਿਲੀ ਲਾਸ਼

ਐਡੀਲੇਡ (ਕਰਨ ਬਰਾੜ): ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ‘ਚ 21 ਸਾਲਾ ਦੀ ਪੰਜਾਬੀ ਕੁੜੀ ਜਸਮੀਨ ਕੌਰ ਦਾ ਕਤਲ ਹੋਣ ਦੀ ਖ਼ਬਰ ਹੈ। ਜਸਮੀਨ ਦੀ ਲਾਸ਼ ਐਡੀਲੇਡ ਤੋਂ ਤਕਰੀਬਨ ਚਾਰ ਸੋ ਕਿੱਲੋਮੀਟਰ ਦੂਰ ਫਲਿੰਡਰ ਰੇਂਜਸ ਦੀ ਇੱਕ ਕਬਰ ਤੋਂ ਮਿਲੀ ਹੈ। ਜਸਮੀਨ ਦੇ ਕਤਲ ਦਾ ਇਲਜਾਮ ਕੁਰੈਲਟਾ ਪਾਰਕ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ‘ਤੇ ਲੱਗਾ ਹੈ।ਹਾਲਾਂਕਿ ਪੁਲਸ ਨੇ ਨੌਜਵਾਨ ਦੀ ਕੋਈ ਵੀ ਪਛਾਣ ਸਾਂਝੀ ਨਹੀਂ ਕੀਤੀ। 

ਪੁਲਸ ਨੇ ਦੱਸਿਆ ਕਿ ਜਸਮੀਨ ਨੂੰ ਆਖਰੀ ਵਾਰ ਸ਼ੁੱਕਰਵਾਰ ਨੂੰ ਨਰਸਿੰਗ ਹੋਮ ਚ ਦੇਖਿਆ ਗਿਆ ਸੀ ਜਿੱਥੇ ਉਹ ਕੰਮ ਕਰਦੀ ਸੀ। ਜਦਕਿ ਸ਼ਨੀਵਾਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ। ਐਤਵਾਰ ਨੂੰ ਪੁਲਸ ਵੱਲੋਂ 20 ਸਾਲਾ ਮੁੰਡੇ ਤੋਂ ਪੁੱਛਗਿੱਛ ਕੀਤੀ ਗਈ, ਜੋ ਕਿ ਪੀੜਤ ਕੁੜੀ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਸ ਦਾ ਦੋਸਤ ਸੀ। ਪੁੱਛਗਿੱਛ ਤੋਂ ਬਾਅਦ ਨੌਜਵਾਨ ਪੁਲਸ ਨੂੰ ਘਟਨਾ ਵਾਲੀ ਥਾਂ 'ਤੇ ਲੈ ਗਿਆ। ਉੱਥੇ ਹੀ ਪੁਲਸ ਵੱਲੋਂ ਨੌਜਵਾਨ ‘ਤੇ ਕਤਲ ਦਾ ਮਾਮਲਾ ਦਰਜ ਕਰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਹੁਣ ਉਸ ਨੂੰ ਦਸੰਬਰ ‘ਚ ਕੋਰਟ ‘ਚ ਪੇਸ਼ ਕੀਤਾ ਜਾਵੇਗਾ ਤੇ ਉਦੋਂ ਤੱਕ ਉਹ ਬਿਨ੍ਹਾਂ ਜ਼ਮਾਨਤ ਦੇ ਰਿਮਾਂਡ ‘ਤੇ ਰਹੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 7 ਭਾਰਤੀ ਬੀਬੀਆਂ ਸਨਮਾਨਿਤ

ਉੱਥੇ ਹੀ ਪੁਲਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਜਸਮੀਨ ਦਾ ਕਤਲ ਚਾਰ ਤੋਂ ਅੱਠ ਮਾਰਚ ਦੇ ਵਿਚਾਲੇ ਕੀਤਾ ਗਿਆ ਹੈ। ਦੱਸ ਦਈਏ ਕਿ ਜਸਮੀਨ ਕੌਰ ਰਜਿਸਟਰਡ ਨਰਸ ਦੇ ਕੋਰਸ ‘ਚ ਆਖਰੀ ਸਾਲ ਦੀ ਵਿਦਿਆਰਥਣ ਸੀ। ਉਹ ਏਜ਼ਡ ਕੇਅਰ ‘ਚ ਨੌਕਰੀ ਕਰ ਰਹੀ ਸੀ ਤੇ ਐਡੀਲੇਡ ਚ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਸੀ। ਜਸਮੀਨ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਇੱਕ ਬਹੁਤ ਸਮਝਦਾਰ ਕੁੜੀ ਸੀ ਜੋ ਸਭ ਨੂੰ ਪਿਆਰ ਕਰਦੀ ਤੇ ਸਭ ਦਾ ਖਿਆਲ ਰੱਖਦੀ ਸੀ। ਜ਼ਿਕਰਜੋਗ ਹੈ ਕਿ ਦੋਵੇਂ ਇੱਥੇ ਸਟੂਡੈਂਟ ਵੀਜ਼ੇ 'ਤੇ ਸੀ ਮੁੰਡਾ ਮਾਨਸਿਕ ਤਣਾਵ ਕਰਕੇ ਕੁਝ ਸਮਾਂ ਇਸ ਸਾਲ ਹਸਪਤਾਲ ਵੀ ਰਹਿ ਚੁੱਕਿਆ ਸੀ।


author

Vandana

Content Editor

Related News