ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਦੱਖਣੀ ਅਫ਼ਰੀਕੀ ਸਿਹਤ ਮੰਤਰੀ ਨੂੰ ਭੇਜਿਆ ਛੁੱਟੀਆਂ ’ਤੇ
Wednesday, Jun 09, 2021 - 02:47 PM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਅਫ਼ਰੀਕਾ ’ਚ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਜਵੇਲੀ ਮਖੀਜ਼ੇ ਨੂੰ ਛੁੱਟੀਆਂ ’ਤੇ ਭੇਜ ਦਿੱਤਾ ਗਿਆ ਹੈ। ਮਖੀਜੇ ਉੱਤੇ ਦੋਸ਼ ਹੈ ਕਿ ਸਰਕਾਰੀ ਸਮਝੌਤੇ ’ਚ ਬੇਨਿਯਮੀਆਂ ਕਰਕੇ ਇੱਕ ਕੰਪਨੀ ਨੂੰ 1.1 ਕਰੋੜ ਡਾਲਰ ਦਾ ਭੁਗਤਾਨ ਕੀਤਾ ਗਿਆ ਸੀ। ਇਸ ਕੰਪਨੀ ਦਾ ਸਬੰਧ ਮਖੀਜ਼ੇ ਲਈ ਕੰਮ ਕਰਨ ਵਾਲੇ ਦੋ ਲੋਕਾਂ ਨਾਲ ਹੈ। ਜਵੇਲੀ ਮਖੀਜ਼ੇ ਦੱਖਣੀ ਅਫਰੀਕਾ ’ਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ
ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਕਿਹਾ ਕਿ ਕਰਾਰ ਨੂੰ ਲੈ ਕੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਪਾਰਦਰਸ਼ੀ ਤਰੀਕੇ ਨਾਲ ਹੋਵੇ ਤੇ ਮਖੀਜੇ ਇਸ ’ਚ ਸਹਿਯੋਗ ਕਰਨ, ਇਸ ਲਈ ਉਨ੍ਹਾਂ ਨੂੰ ਸਿਹਤ ਮੰਤਰਾਲੇ ਦੇ ਉਨ੍ਹਾਂ ਦੇ ਕਾਰਜਭਾਰ ਤੋਂ ਮੁਕਤ ਕਰ ਕੇ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਸ ਸਮੇਂ ਤੱਕ ਦੇਸ਼ ਦੇ ਸੈਰ-ਸਪਾਟਾ ਮੰਤਰੀ ਕਾਰਜਕਾਰੀ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਇਕਾਈ ਨੇ ਅਜੇ ਇਕ ਰਿਪੋਰਟ ਜਾਰੀ ਕੀਤੀ ਹੈ ਪਰ ਮਖੀਜੇ ਦੀ ਅਗਵਾਈ ਵਾਲੇ ਸਿਹਤ ਮੰਤਰਾਲੇ ਦੇ ਅਨੁਸਾਰ ਇਕਰਾਰਨਾਮੇ ’ਚ ਕਈ ਬੇਨਿਯਮੀਆਂ ਪਾਈਆਂ ਗਈਆਂ ਹਨ। ਮਖੀਜ਼ੇ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਕਰਾਰਨਾਮੇ ਨੇ ਉਸ ਨੂੰ ਨਿੱਜੀ ਤੌਰ 'ਤੇ ਲਾਭ ਨਹੀਂ ਪਹੁੰਚਾਇਆ।
ਇਹ ਵੀ ਪੜ੍ਹੋ : ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ
ਦਰਅਸਲ, ਕੋਵਿਡ-19 ਮਹਾਮਾਰੀ ਦੇ ਦੌਰਾਨ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਨ ਲਈ ਡਿਜੀਟਲ ਵਾਈਬਜ਼ ਨਾਮੀ ਇੱਕ ਕੰਪਨੀ ਨਾਲ ਇੱਕ ਸਮਝੌਤਾ ਹੋਇਆ ਸੀ। ਮਖੀਜੇ ਦੇ ਸਾਬਕਾ ਨਿੱਜੀ ਸਹਾਇਕ ਅਤੇ ਸਾਬਕਾ ਬੁਲਾਰੇ ਕੰਪਨੀ ਨਾਲ ਜੁੜੇ ਹੋਏ ਹਨ। ਇਹ ਵੀ ਦੋਸ਼ ਹਨ ਕਿ ਮਖੀਜ਼ੇ ਦੇ ਬੇਟੇ ਨੂੰ ਇਸ ਇਕਰਾਰਨਾਮੇ ਤੋਂ ਲਾਭ ਹੋਇਆ ਹੈ। ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ’ਚ ਲੱਗੀ ਟੀਮ ਵਿਰੁੱਧ ਦੱਖਣੀ ਅਫਰੀਕਾ ’ਚ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸਾਹਮਣੇ ਆਏ ਹਨ।