ਯੂਕੇ ਦੇ ਬੱਸ ਡਰਾਈਵਰਾਂ ਦੀ ਸਖ਼ਤ ਮਿਹਨਤ ਨੂੰ ਸਲਾਮ ਕਰਦਾ ਗੀਤ "ਬੱਸ ਡਰਾਈਵਰ" ਲੋਕ ਅਰਪਣ
Saturday, Sep 03, 2022 - 01:01 PM (IST)
ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)- ਚਾਹੇ ਆਮ ਜ਼ਿੰਦਗੀ ਹੋਵੇ ਜਾਂ ਗੀਤ ਸੰਗੀਤ ਡਰਾਈਵਰ ਭਾਈਚਾਰੇ ਦੀ ਤਸਵੀਰ ਹਮੇਸ਼ਾ ਹੀ ਗਲਤ ਢੰਗ ਨਾਲ ਪ੍ਰਚਾਰੀ ਗਈ ਹੈ। ਅਸਲੀਅਤ ਇਹ ਹੈ ਕਿ ਸੜਕਾਂ ‘ਤੇ ਗੱਡੀਆਂ ਚਲਾਉਂਦੇ ਡਰਾਈਵਰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਕੇ ਵੀ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ। ਯੂ.ਕੇ. ਦੇ ਬੱਸ ਡਰਾਈਵਰ ਭਾਈਚਾਰੇ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ ਆਮ ਲੋਕ ਬੱਸਾਂ ਜ਼ਰੀਏ ਵੱਡੇ ਪੱਧਰ 'ਤੇ ਸਫ਼ਰ ਕਰਦੇ ਹਨ। ਹਰ ਪਿੰਡ ਤੋਂ ਵੱਡੇ ਸ਼ਹਿਰਾਂ ਤੱਕ ਫੈਲੇ ਨੈੱਟਵਰਕ ਜ਼ਰੀਏ ਲੋਕ ਬੱਸ ਸਫ਼ਰ ਦਾ ਆਨੰਦ ਮਾਣਦੇ ਹਨ।
ਬੱਸ ਡਰਾਈਵਰਾਂ ਦੀਆਂ ਮੁਸ਼ਕਲਾਂ, ਉਹਨਾਂ ਦੇ ਕੰਮਾਂ ਦੀ ਬਾਤ ਪਾਉਂਦਾ ਗੀਤ “ਬੱਸ ਡਰਾਈਵਰ” ਲੋਕ ਅਰਪਣ ਕਰਨ ਦੀ ਰਸਮ ਸ: ਬਲਿਹਾਰ ਸਿੰਘ ਰਾਮੇਵਾਲ, ਗੁਰਦਿੱਤ ਸਿੰਘ ਮਾਨ, ਹਰਸ਼ ਕੁਮਾਰ ਹਾਂਡਾ, ਮਨਦੀਪ ਸਿੰਘ, ਧਨਵੰਤ ਸਿੰਘ ਬਾਹੜਾ, ਹਰਜੀਤ ਸਿੰਘ ਖਹਿਰਾ, ਕਰਮਜੀਤ ਮੀਨੀਆਂ, ਫਸਟ ਬੱਸ ਸਕਾਟਸਟਨ ਡਿੱਪੂ ਦੇ ਮੈਨੇਜਰ ਸਟੂਅਰਟ ਮੈਕਨਟਾਇਰ ਤੇ ਰਾਬਰਟ ਵੱਲੋਂ ਅਦਾ ਕੀਤੀ ਗਈ। ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ ਗੀਤ ਦਾ ਗੀਤਕਾਰ ਅਤੇ ਗਾਇਕ ਵੀ ਖੁਦ ਡਰਾਈਵਰ ਹੀ ਹੈ।
ਇਸ ਡਰਾਈਵਰ ਦਾ ਨਾਮ ਹੈ ਰਣਜੀਤ ਸਿੰਘ ਵੀਰ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਅਦਾਕਾਰੀ ਕਰਨ ਵਾਲੇ ਸਾਰੇ ਕਲਾਕਾਰ ਵੀ ਅਸਲੀ ਬੱਸ ਡਰਾਈਵਰ ਹੀ ਹਨ। ਵੀਡੀਓ ਦਾ ਫਿਲਮਾਂਕਣ ਜਿੱਥੇ ਵੈਸਟ ਮਿਡਲੈਂਡਜ਼ ਦੇ ਬੱਸ ਡਿਪੂਆਂ ਵਿੱਚ ਕੀਤਾ ਗਿਆ ਹੈ, ਉੱਥੇ ਹੀ ਸਕਾਟਲੈਂਡ ਦੇ ਸਕਾਟਸਟਨ ਦੇ ਬੱਸ ਡਿਪੂ ਵਿੱਚ ਵੀ ਸ਼ੂਟਿੰਗ ਕੀਤੀ ਗਈ ਹੈ। ਇਸ ਗੀਤ ਨੂੰ ਸਕਾਟਲੈਂਡ ਸਥਿਤ ਕੰਪਨੀ ਤੇਜ ਰਿਕਾਰਡਜ਼ ਵੱਲੋਂ ਸ੍ਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਹੈ।