ਯੂਰਪ ''ਚ ਸੋਸ਼ਲ ਮੀਡੀਆ ਖ਼ਿਲਾਫ਼ ਲਹਿਰ ਨੇ ਫੜਿਆ ਜ਼ੋਰ ! ਹੁਣ ਇਕ ਹੋਰ ਦੇਸ਼ ਨੇ ਖਿੱਚੀ ''ਬੈਨ'' ਦੀ ਤਿਆਰੀ
Saturday, Feb 07, 2026 - 09:31 AM (IST)
ਇੰਟਰਨੈਸ਼ਨਲ ਡੈਸਕ- ਬੱਚਿਆਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਆਦਤ ਤੋਂ ਬਚਾਉਣ ਲਈ ਯੂਰਪ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ’ਚ ਹੈ। ਸਪੇਨ ਅਤੇ ਗ੍ਰੀਸ ਨੇ ਨਾਬਾਲਗਾਂ ਲਈ ਸੋਸ਼ਲ ਮੀਡੀਆ ’ਤੇ ਸਖ਼ਤ ਪਾਬੰਦੀਆਂ ਲਾਉਣ ਦਾ ਪ੍ਰਸਤਾਵ ਰੱਖਿਆ ਹੈ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਬੇਲਗਾਮ ਆਨਲਾਈਨ ਪਲੇਟਫਾਰਮ ਬੱਚਿਆਂ ਨੂੰ ਨੁਕਸਾਨਦੇਹ ਕੰਟੈਂਟ ਅਤੇ ਦਿਮਾਗੀ ਜੋਖਮ ਵੱਲ ਧੱਕ ਰਹੇ ਹਨ।
16 ਸਾਲ ਤੋਂ ਘੱਟ ਉਮਰ ’ਤੇ ਰੋਕ ਦੀ ਤਿਆਰੀ
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਸਾਫ਼ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਦਿਸ਼ਾ ’ਚ ਕਦਮ ਵਧਾਏ ਜਾ ਰਹੇ ਹਨ। ਗ੍ਰੀਸ ਵੀ ਇਸੇ ਤਰਜ਼ ’ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਾਬੰਦੀ ਦੇ ਐਲਾਨ ਦੇ ਕਰੀਬ ਹੈ। ਯੂਰਪੀਅਨ ਨੇਤਾਵਾਂ ਦਾ ਕਹਿਣਾ ਹੈ ਕਿ ਅੱਜ ਦਾ ਇੰਟਰਨੈੱਟ ਬੱਚਿਆਂ ਲਈ ‘ਡਿਜੀਟਲ ਜੰਗਲ’ ਬਣ ਚੁੱਕਾ ਹੈ, ਜਿੱਥੇ ਨਾ ਤਾਂ ਕੋਈ ਹੱਦ ਹੈ ਅਤੇ ਨਾ ਹੀ ਸੁਰੱਖਿਆ। ਸਰਕਾਰਾਂ ਮੰਨਦੀਆਂ ਹਨ ਕਿ ਹੁਣ ਬੱਚਿਆਂ ਨੂੰ ਸਿਰਫ਼ ਮਾਪਿਆਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ।
ਇਹ ਵੀ ਪੜ੍ਹੋ- ਦੁਬਈ 'ਚ ਭਾਰਤੀ ਬੰਦੇ 'ਹੱਥ' ਲੱਗੇ 49 ਕਰੋੜ ਰੁਪਏ ! ਹੁਣ ਦੋਸਤ ਨਾਲ ਵੰਡੇਗਾ ਪੈਸੇ
ਯੂਰਪ ’ਚ ਸਖ਼ਤੀ ਦੀ ਲਹਿਰ
ਬ੍ਰਿਟੇਨ ਅਤੇ ਫਰਾਂਸ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸ਼ਿਕੰਜਾ ਕੱਸਣ ਦੇ ਸੰਕੇਤ ਦੇ ਚੁੱਕੇ ਹਨ। ਆਸਟ੍ਰੇਲੀਆ ਤਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਕਾਨੂੰਨੀ ਰੋਕ ਲਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਚੁੱਕਾ ਹੈ। ਟਿਕਟਾਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਐਕਸ ਵਰਗੇ ਪਲੇਟਫਾਰਮਾਂ ’ਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਯੂਰਪੀਅਨ ਯੂਨੀਅਨ ਦਾ ‘ਡਿਜੀਟਲ ਸਰਵਿਸਿਜ਼ ਐਕਟ’ ਕੰਟੈਂਟ ਮੋਡਰੇਸ਼ਨ ਨੂੰ ਲਾਜ਼ਮੀ ਕਰਦਾ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਕੰਪਨੀਆਂ ਹਾਲੇ ਵੀ ਜ਼ਿੰਮੇਵਾਰੀ ਤੋਂ ਬਚ ਰਹੀਆਂ ਹਨ।
ਕੀ ਭਾਰਤ ’ਚ ਵੀ ਉੱਠੇਗੀ ਆਵਾਜ਼ ?
ਯੂਰਪ ’ਚ ਬੱਚਿਆਂ ਅਤੇ ਔਰਤਾਂ ਦੀਆਂ ਡੀਪਫੇਕ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸਰਕਾਰਾਂ ਹੋਰ ਸਖ਼ਤ ਹੋ ਗਈਆਂ ਹਨ। ਫਰਾਂਸ ਵਿਚ ਇਸੇ ਮੁੱਦੇ ’ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ ਦਫ਼ਤਰਾਂ ’ਤੇ ਛਾਪੇ ਤੱਕ ਪਏ ਹਨ। ਯੂਰਪ ਦੀ ਇਸ ਸਖ਼ਤੀ ਤੋਂ ਬਾਅਦ ਸਵਾਲ ਉੱਠ ਰਿਹਾ ਹੈ ਕਿ ਕੀ ਭਾਰਤ ਵਰਗੇ ਦੇਸ਼ਾਂ ਵਿਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸਖ਼ਤ ਕਾਨੂੰਨ ਬਣੇਗਾ, ਜਾਂ ਡਿਜੀਟਲ ਆਜ਼ਾਦੀ ਦੇ ਨਾਂ ’ਤੇ ਖ਼ਤਰੇ ਇੰਝ ਹੀ ਵਧਦੇ ਰਹਿਣਗੇ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
