ਅਮਰੀਕਾ ਨਾਲ ਗੱਲਬਾਤ ਖ਼ਤਮ, ਜੰਗ ਦੀ ਤਿਆਰੀ! ਈਰਾਨੀ ਵਿਦੇਸ਼ ਮੰਤਰੀ ਬੋਲੇ- ''ਭਰੋਸਾ ਹੁਣ ਜ਼ੀਰੋ''
Wednesday, Apr 01, 2026 - 11:30 AM (IST)
ਤਹਿਰਾਨ: ਪੱਛਮੀ ਏਸ਼ੀਆ ਵਿੱਚ ਜਾਰੀ ਭਿਆਨਕ ਜੰਗ ਦਰਮਿਆਨ ਈਰਾਨ ਨੇ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਕੂਟਨੀਤਕ ਗੱਲਬਾਤ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਭਰੋਸੇ ਦਾ ਪੱਧਰ ਹੁਣ 'ਜ਼ੀਰੋ' (0) 'ਤੇ ਪਹੁੰਚ ਚੁੱਕਾ ਹੈ।
ਅਮਰੀਕਾ ਦੇ ਕਹਿਣੀ ਅਤੇ ਕਥਨੀ ਵਿੱਚ ਫਰਕ
ਸਰੋਤਾਂ ਅਨੁਸਾਰ, ਵਿਦੇਸ਼ ਮੰਤਰੀ ਅਰਾਘਚੀ ਨੇ ਕਿਹਾ ਕਿ ਈਰਾਨ ਨੂੰ ਅਮਰੀਕੀ ਸਰਕਾਰ ਦੇ ਕੰਮਾਂ ਵਿੱਚ ਕੋਈ ਇਮਾਨਦਾਰੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਯਾਦ ਦਿਵਾਇਆ ਕਿ ਪੁਰਾਣੇ ਸਮਝੌਤਿਆਂ ਦੀ ਨਾਕਾਮੀ ਅਤੇ ਹਾਲੀਆ ਦੁਸ਼ਮਣੀ ਕਾਰਨ ਕੂਟਨੀਤਕ ਗੱਲਬਾਤ ਦੇ ਰਸਤੇ ਬੰਦ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਲਾਂ ਪਹਿਲਾਂ ਹੋਏ ਸਮਝੌਤੇ ਤੋਂ ਅਮਰੀਕਾ ਬਿਨਾਂ ਕਿਸੇ ਠੋਸ ਵਜ੍ਹਾ ਦੇ ਪਿੱਛੇ ਹਟ ਗਿਆ ਸੀ ਅਤੇ ਪਿਛਲੇ ਸਮੇਂ ਵਿੱਚ ਹੋਈ ਗੱਲਬਾਤ ਦਾ ਨਤੀਜਾ ਸਿਰਫ਼ ਅਮਰੀਕੀ ਹਮਲਿਆਂ ਦੇ ਰੂਪ ਵਿੱਚ ਹੀ ਨਿਕਲਿਆ ਹੈ।ਨਾਲ ਹੀ ਕਿਹਾਕਿ ਅਮਰੀਕੀ ਸਰਕਾਰ ਨਾਲ ਗੱਲਬਾਤ ਦਾ ਅਨੁਭਵ ਚੰਗਾ ਨਹੀਂ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- UAE ਦਾ ਈਰਾਨ ਨੂੰ ਵੱਡਾ ਝਟਕਾ, ਈਰਾਨੀ ਨਾਗਰਿਕਾਂ ਦੀ ਐਂਟਰੀ 'ਤੇ ਲਾਈ ਪਾਬੰਦੀ, ਈਰਾਨੀ ਹਸਪਤਾਲ ਤੇ ਕਲੱਬ ਵੀ ਬੰਦ
ਜ਼ਮੀਨੀ ਹਮਲੇ ਦੀ ਦਿੱਤੀ ਚੇਤਾਵਨੀ
ਈਰਾਨੀ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਜ਼ਮੀਨੀ ਹਮਲਾ ਕਰਨ ਦੀ ਹਿੰਮਤ ਕਰਦਾ ਹੈ, ਤਾਂ ਇਹ ਉਸ ਦੀ ਇੱਕ ਬਹੁਤ ਵੱਡੀ ਗਲਤੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨੀ ਫੌਜ ਕਿਸੇ ਵੀ ਸੰਭਾਵੀ ਹਮਲੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਅਰਾਘਚੀ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੂੰ ਪਹਿਲਾਂ ਹੀ ਭਾਰੀ ਨੁਕਸਾਨ ਉਠਾਉਣਾ ਪਿਆ ਹੈ, ਜਿਸ ਵਿੱਚ ਉਨ੍ਹਾਂ ਦੇ ਰਡਾਰ, ਜਹਾਜ਼ ਅਤੇ ਈਂਧਨ ਟੈਂਕਰ ਸ਼ਾਮਲ ਹਨ।
ਹੋਰਮੁਜ਼ ਜਲਮਾਰਗ 'ਤੇ ਸਥਿਤੀ ਸਪੱਸ਼ਟ
ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਜਲਮਾਰਗ ਬਾਰੇ ਗੱਲ ਕਰਦਿਆਂ ਅਰਾਘਚੀ ਨੇ ਕਿਹਾ ਕਿ ਇਹ ਰਸਤਾ ਫਿਲਹਾਲ ਸਿਰਫ਼ ਉਨ੍ਹਾਂ ਲਈ ਬੰਦ ਹੈ ਜੋ ਈਰਾਨ ਨਾਲ ਜੰਗ ਕਰ ਰਹੇ ਹਨ। ਉਨ੍ਹਾਂ ਤਰਕ ਦਿੱਤਾ ਕਿ ਕਿਉਂਕਿ ਇਹ ਜਲਮਾਰਗ ਈਰਾਨ ਅਤੇ ਓਮਾਨ ਦੀ ਸਮੁੰਦਰੀ ਸੀਮਾ ਵਿੱਚ ਆਉਂਦਾ ਹੈ, ਇਸ ਲਈ ਇਸ ਦਾ ਪ੍ਰਬੰਧਨ ਕਰਨਾ ਉਨ੍ਹਾਂ ਦੋਵਾਂ ਦੇਸ਼ਾਂ ਲਈ ਇੱਕ ਆਮ ਗੱਲ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਮਿੱਤਰ ਦੇਸ਼ਾਂ ਦੇ ਜਹਾਜ਼ਾਂ ਨੂੰ ਅਜੇ ਵੀ ਸੁਰੱਖਿਅਤ ਰਸਤਾ ਦਿੱਤਾ ਜਾ ਰਿਹਾ ਹੈ।ਅਰਾਘਚੀ ਨੇ ਦੁਹਰਾਇਆ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਇਸ ਜਲਮਾਰਗ ਦੀ ਸਥਿਤੀ ਦਾ ਫੈਸਲਾ ਈਰਾਨ ਅਤੇ ਓਮਾਨ ਹੀ ਕਰਨਗੇ। ਫਿਲਹਾਲ ਈਰਾਨ ਨੂੰ ਅਮਰੀਕਾ 'ਤੇ ਭਰੋਸਾ ਕਰਨ ਜਾਂ ਭਵਿੱਖ ਦੀ ਗੱਲਬਾਤ ਤੋਂ ਕਿਸੇ ਚੰਗੇ ਨਤੀਜੇ ਦੀ ਕੋਈ ਉਮੀਦ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
