ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਸਖ਼ਤੀ, ਯੂਰਪ ਦੇ ਇਸ ਦੇਸ਼ 'ਚ ਵੱਡਾ ਐਲਾਨ
Thursday, Apr 09, 2026 - 12:55 PM (IST)
ਇੰਟਰਨੈਸ਼ਨਲ ਡੈਸਕ : ਗ੍ਰੀਸ ਦੇ ਪ੍ਰਧਾਨ ਮੰਤਰੀ ਕਾਈਰਿਯਾਕੋਸ ਮਿਤਸੋਟਾਕਿਸ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਅਗਲੇ ਸਾਲ ਜਨਵਰੀ ਤੋਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਈ ਜਾਵੇਗੀ। ਉਨ੍ਹਾਂ ਦੇ ਮੁਤਾਬਕ ਇਹ ਫੈਸਲਾ ਨੌਜਵਾਨਾਂ ਵਿੱਚ ਵਧ ਰਹੀ ਚਿੰਤਾ, ਨੀਂਦ ਦੀਆਂ ਸਮੱਸਿਆਵਾਂ ਅਤੇ ਸੋਸ਼ਲ ਮੀਡੀਆ ਦੀ ਲਤ ਨੂੰ ਕਾਬੂ ਕਰਨ ਲਈ ਲਿਆ ਗਿਆ ਹੈ।
ਟਿਕਟੋਕ ‘ਤੇ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮਿਤਸੋਟਾਕਿਸ ਨੇ ਕਿਹਾ ਕਿ ਕਈ ਨੌਜਵਾਨ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਤੁਲਨਾਵਾਂ, ਕਮੈਂਟਸ ਅਤੇ ਹਮੇਸ਼ਾਂ ਆਨਲਾਈਨ ਰਹਿਣ ਦੇ ਦਬਾਅ ਕਾਰਨ ਥੱਕੇ ਹੋਏ ਮਹਿਸੂਸ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਾਪਿਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਹੈ ਕਿ ਬੱਚੇ ਠੀਕ ਤਰ੍ਹਾਂ ਨਹੀਂ ਨੀਂਦ ਲੈ ਰਹੇ ਅਤੇ ਚਿੰਤਤ ਰਹਿੰਦੇ ਹਨ ਅਤੇ ਹਰ ਵੇਲੇ ਆਪਣੇ ਫੋਨਾਂ ‘ਚ ਹੀ ਵਿਆਸਤ ਰਹਿੰਦੇ ਹਨ।
ਗ੍ਰੀਸ ਸਰਕਾਰ ਪਹਿਲਾਂ ਹੀ ਸਕੂਲਾਂ ਵਿੱਚ ਮੋਬਾਈਲ ਫੋਨਾਂ ‘ਤੇ ਪਾਬੰਦੀ ਲਗਾ ਚੁੱਕੀ ਹੈ ਅਤੇ ਬੱਚਿਆ ਦੇ ਸਕ੍ਰੀਨ ਟਾਈਮ ਨੂੰ ਘਟਾਉਣ ਲਈ ਮਾਪਿਆਂ ਲਈ ਕੰਟਰੋਲ ਪਲੇਟਫਾਰਮ ਵੀ ਲਾਗੂ ਕੀਤੇ ਗਏ ਹਨ।
ਇਸ ਦੇ ਨਾਲ ਹੀ ਫਰਾਂਸ, ਅਸਟਰੀਆ ਤੇ ਸਪੇਨ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਵੱਲ ਵੱਧ ਰਹੇ ਹਨ। ਇੰਗਲੈਂਡ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਰੋਕ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਦਕਿ ਆਇਰਲੈਂਡ ਅਤੇ ਡੈਨਮਾਰਕ ਵੀ ਇਸੇ ਤਰ੍ਹਾਂ ਦੇ ਕਦਮਾਂ ‘ਤੇ ਵਿਚਾਰ ਕਰ ਰਹੇ ਹਨ।
ਉੱਥੇ ਹੀ ਆਸਟਰੇਲੀਆ ਪਿਛਲੇ ਸਾਲ ਦਸੰਬਰ ਵਿੱਚ ਦੁਨੀਆ ਦਾ ਪਹਿਲਾ ਦੇਸ਼ ਬਣਿਆ ਜਿਸ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ 16 ਸਾਲ ਤੋਂ ਘੱਟ ਉਮਰ ਦੇ ਯੂਜ਼ਰਾਂ ਦੇ ਅਕਾਊਂਟ ਹਟਾਉਣ ਜਾਂ ਭਾਰੀ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਸੀ । ਮਿਤਸੋਟਾਕਿਸ ਨੇ ਇਹ ਵੀ ਕਿਹਾ ਕਿ ਗ੍ਰੀਸ ਇਸ ਮਸਲੇ ‘ਤੇ ਯੂਰਪੀ ਪੱਧਰ ‘ਤੇ ਸਾਂਝੀ ਕਾਰਵਾਈ ਲਈ ਯਤਨ ਕਰੇਗਾ।
