ਕੈਨੇਡਾ ''ਚ ਵੀਜ਼ਾ ਧੋਖਾਧੜੀ ਕਰਨ ਵਾਲਿਆਂ ''ਤੇ ਸਖ਼ਤ ਕਾਰਵਾਈ ਦੀ ਤਿਆਰੀ, ਲੱਗ ਸਕਦੈ ਬੈਨ

Thursday, Apr 02, 2026 - 03:42 PM (IST)

ਕੈਨੇਡਾ ''ਚ ਵੀਜ਼ਾ ਧੋਖਾਧੜੀ ਕਰਨ ਵਾਲਿਆਂ ''ਤੇ ਸਖ਼ਤ ਕਾਰਵਾਈ ਦੀ ਤਿਆਰੀ, ਲੱਗ ਸਕਦੈ ਬੈਨ

ਓਟਾਵਾ: ਕੈਨੇਡਾ ਸਰਕਾਰ ਨੇ ਵੀਜ਼ਾ ਧੋਥਾਧੜੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਨੇ ਵੀਜ਼ਾ ਬਿਨੈਕਾਰਾਂ ਅਤੇ ਇਮੀਗ੍ਰੇਸ਼ਨ ਏਜੰਟਾਂ ਲਈ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਅਨੁਸਾਰ ਜੇਕਰ ਕੋਈ ਵਿਅਕਤੀ ਕੈਨੇਡਾ ਆਉਣ ਲਈ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਦਾ ਫੜਿਆ ਗਿਆ, ਤਾਂ ਉਸ 'ਤੇ ਦੇਸ਼ ਵਿੱਚ ਦਾਖਲ ਹੋਣ 'ਤੇ 5 ਸਾਲ ਦੀ ਪਾਬੰਦੀ ਲਗਾਈ ਜਾਵੇਗੀ।

ਏਜੰਟਾਂ ਦੇ ਝੂਠੇ ਵਾਅਦਿਆਂ ਤੋਂ ਬਚਣ ਦੀ ਸਲਾਹ 

IRCC ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਅਜਿਹੇ ਧੋਖੇਬਾਜ਼ਾਂ ਤੋਂ ਬਚਣ ਜੋ ਤੁਹਾਡੀ ਮਿਹਨਤ ਦੀ ਕਮਾਈ ਹੜੱਪਣ ਲਈ ਤੇਜ਼ੀ ਨਾਲ ਵੀਜ਼ਾ ਮਨਜ਼ੂਰ ਕਰਵਾਉਣ ਜਾਂ ਅਰਜ਼ੀ ਦੀਆਂ ਕਮੀਆਂ ਨੂੰ ਠੀਕ ਕਰਨ ਦੇ ਝੂਠੇ ਵਾਅਦੇ ਕਰਦੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਅਰਜ਼ੀ ਵਿੱਚ ਫਰਜ਼ੀ ਦਸਤਾਵੇਜ਼ ਲਗਾਉਣ ਵਾਲੇ ਵਿਅਕਤੀ ਨੂੰ ਕਾਨੂੰਨੀ ਤੌਰ 'ਤੇ ਘੱਟੋ-ਘੱਟ ਪੰਜ ਸਾਲਾਂ ਲਈ ਕੈਨੇਡਾ ਵਿੱਚ ਰਹਿਣ ਜਾਂ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਬਿਨੈਕਾਰਾਂ ਨੂੰ ਅਸਲ ਦਸਤਾਵੇਜ਼ ਪ੍ਰਦਾਨ ਕਰਨ ਅਤੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਘੁਟਾਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਪਰਿਵਾਰਾਂ 'ਤੇ ਲਟਕੀ ਤਲਵਾਰ ! 100 ਸਾਲ ਪੁਰਾਣਾ ਕਾਨੂੰਨ ਬਦਲਣ ਦੀ ਤਿਆਰੀ

ਵੀਜ਼ਾ ਸ਼੍ਰੇਣੀਆਂ ਦੀ ਜਾਂਚ ਤੇਜ਼

ਕੈਨੇਡਾ ਸਰਕਾਰ ਨੇ ਕਈ ਵੀਜ਼ਾ ਸ਼੍ਰੇਣੀਆਂ ਵਿਚ ਜਾਂਚ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਵਿਚ  ਵਰਕ ਪਰਮਿਟ, ਸਟੱਡੀ ਪਰਮਿਟ ਅਤੇ ਅਸਾਇਲਮ (ਸ਼ਰਨ) ਦੇ ਦਾਅਵੇ ਸ਼ਾਮਲ ਹਨ। ਆਡੀਟਰ ਜਨਰਲ ਕੇਰਨ ਹੋਗਨ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ 'ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ' ਵਿੱਚ ਹੋ ਰਹੀਆਂ ਗੜਬੜੀਆਂ 'ਤੇ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਅਨੁਸਾਰ ਸਾਲ 2023-24 ਦੌਰਾਨ ਲਗਭਗ 1,53,000 ਅੰਤਰਰਾਸ਼ਟਰੀ ਵਿਦਿਆਰਥੀ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਪਾਏ ਗਏ ਪਰ ਵਿਭਾਗ ਕੋਲ ਹਰ ਸਾਲ ਸਿਰਫ 2000 ਮਾਮਲਿਆਂ ਦੀ ਜਾਂਚ ਕਰਨ ਲਈ ਸਰੋਤ ਸਨ।

ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ 2018 ਤੋਂ 2023 ਦਰਮਿਆਨ ਜਾਰੀ ਕੀਤੇ ਗਏ 800 ਸਟੱਡੀ ਪਰਮਿਟ ਫਰਜ਼ੀ ਦਸਤਾਵੇਜ਼ਾਂ ਜਾਂ ਗਲਤ ਜਾਣਕਾਰੀ ਦੇ ਆਧਾਰ 'ਤੇ ਲਏ ਗਏ ਸਨ। ਹੈਰਾਨੀਜਨਕ ਤੱਥ ਇਹ ਹੈ ਕਿ 710 ਬਿਨੈਕਾਰਾਂ ਨੇ ਅਜਿਹੀਆਂ ਵਿਦੇਸ਼ੀ ਵਿਦਿਅਕ ਸੰਸਥਾਵਾਂ ਦੀਆਂ ਡਿਗਰੀਆਂ ਲਗਾਈਆਂ ਸਨ ਜੋ ਜਾਂ ਤਾਂ ਮੌਜੂਦ ਹੀ ਨਹੀਂ ਸਨ ਜਾਂ ਫਿਰ ਸਿਰਫ ਇਮੀਗ੍ਰੇਸ਼ਨ ਦੇ ਮਕਸਦ ਲਈ ਡਿਗਰੀਆਂ ਵੇਚਣ ਦਾ ਕੰਮ ਕਰਦੀਆਂ ਸਨ। ਇਨ੍ਹਾਂ ਮਾਮਲਿਆਂ ਵਿੱਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਅਤੇ ਉਨ੍ਹਾਂ ਵਿੱਚੋਂ ਲਗਭਗ 110 ਵਿਅਕਤੀਆਂ ਨੇ ਸ਼ਰਣ ਦੇ ਦਾਅਵੇ ਦਾਇਰ ਕੀਤੇ। 

ਆਡੀਟਰ ਜਨਰਲ ਦੀਆਂ ਸਿਫ਼ਾਰਸ਼ਾਂ 'ਤੇ ਕਾਰਵਾਈ ਕਰਦਿਆਂ, IRCC ਹੁਣ ਹਰ ਸਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੂੰ ਉਨ੍ਹਾਂ ਲੋਕਾਂ ਦੀ ਸੂਚੀ ਸੌਂਪੇਗਾ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਕੋਈ ਐਕਸਟੈਂਸ਼ਨ ਨਹੀਂ ਲਈ ਹੈ। ਸਰਕਾਰ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਸਲੀ ਦਸਤਾਵੇਜ਼ ਹੀ ਜਮ੍ਹਾਂ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਇਮੀਗ੍ਰੇਸ਼ਨ ਘੁਟਾਲੇ ਦੀ ਰਿਪੋਰਟ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832371

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News