ਪਾਕਿ ’ਚ ਖਤਮ ਹੋਣ ਦੇ ਕੰਢੇ ’ਤੇ ਸਿੱਖ

Wednesday, May 05, 2021 - 11:17 AM (IST)

2019 ’ਚ ਪਾਕਿਸਤਾਨ ਨੇ ਆਪਣੇ ਵੱਲ ਕੌਮਾਂਤਰੀ ਧਿਆਨ ਉਸ ਸਮੇਂ ਖਿੱਚਿਆ ਜਦੋਂ ਉਸ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬ ਨੂੰ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ। ਇਸ ਦੇ ਉਲਟ ਇਕ ਸੱਚਾਈ ਇਹ ਵੀ ਹੈ ਕਿ ਪਾਕਿਸਤਾਨ ’ਚ ਸਿੱਖ ਭਾਈਚਾਰੇ ਨਾਲ ਲਗਾਤਾਰ ਵਿਤਕਰਾ ਹੋ ਰਿਹਾ ਹੈ। ਪਾਕਿਸਤਾਨ ਦੇ ਇਕ ਸਭ ਤੋਂ ਵੱਧ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ’ਚ ਮੁੱਖ ਤੌਰ ’ਤੇ ਰਹਿਣ ਵਾਲੇ ਸਿੱਖ ਡਰ ਦੇ ਪਰਛਾਵੇਂ ਹੇਠ ਜ਼ਿੰਦਗੀ ਬਿਤਾ ਰਹੇ ਹਨ।

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੈ ਜੋ ਪਾਕਿਸਤਾਨ ਵਿਚ ਸਥਿਤ ਹੈ। 1947 ’ਚ ਭਾਰਤ ਦੀ ਵੰਡ ਸਮੇਂ ਪਾਕਿਸਤਾਨ ’ਚ 20 ਲੱਖ ਤੋਂ ਵੱਧ ਸਿੱਖ ਰਹਿੰਦੇ ਸਨ। ਉਦੋਂ ਲਾਹੌਰ, ਰਾਵਲਪਿੰਡੀ ਅਤੇ ਫੈਸਲਾਬਾਦ ਵਰਗੇ ਵੱਡੇ ਸ਼ਹਿਰਾਂ ’ਚ ਸਿੱਖਾਂ ਦੀ ਆਬਾਦੀ ਬਹੁਤ ਸੀ। ਭਾਰਤ-ਪਾਕਿਸਤਾਨ ਵੱਲੋਂ ਆਜ਼ਾਦੀ ਹਾਸਲ ਕਰਨ ਪਿੱਛੋਂ ਵਧੇਰੇ ਸਿੱਖਾਂ ਨੇ ਪਾਕਿਸਤਾਨ ਨੂੰ ਛੱਡ ਦਿੱਤਾ ਅਤੇ ਉਹ ਭਾਰਤ ਆ ਗਏ। ਪਾਕਿਸਤਾਨ ਦੀ ਨੈਸ਼ਨਲ ਡਾਟਾ ਬੇਸ ਐਂਡ ਰਜਿਸਟ੍ਰੇਸ਼ਨ ਅਥਾਰਿਟੀ ਦਾ ਦਾਅਵਾ ਹੈ ਕਿ ਪਾਕਿਸਤਾਨ ’ਚ 6146 ਰਜਿਸਟਰਡ ਸਿੱਖ ਹਨ। ਇਕ ਐੱਨ. ਜੀ. ਓ. ‘ਸਿੱਖ ਰਿਸੋਰਸ ਐਂਡ ਸਟੱਡੀ ਸੈਂਟਰ’ ਵੱਲੋਂ ਕਰਵਾਈ ਗਈ ਮਰਦਮਸ਼ੁਮਾਰੀ ਮੁਤਾਬਕ ਅਜੇ ਵੀ ਪਾਕਿਸਤਾਨ ’ਚ 50 ਹਜ਼ਾਰ ਦੇ ਲਗਭਗ ਸਿੱਖ ਰਹਿੰਦੇ ਹਨ।

ਸਿੱਖਾਂ ਨੂੰ 2017 ਦੀ ਮਰਦਮਸ਼ੁਮਾਰੀ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ, ਇਸ ਲਈ ਉਨ੍ਹਾਂ ਸਬੰਧੀ ਕੋਈ ਅਸਲ ਅੰਕੜਾ ਉਪਲੱਬਧ ਨਹੀਂ ਹੈ। ਵਧੇਰੇ ਸਿੱਖ ਖੈਬਰ ਪਖਤੂਨਖਵਾ ਵਿਖੇ ਹੀ ਰਹਿੰਦੇ ਹਨ। ਉਸ ਤੋਂ ਬਾਅਦ ਸਿੰਧ ਅਤੇ ਪੰਜਾਬ ’ਚ ਸਿੱਖਾਂ ਦੀ ਆਬਾਦੀ ਹੈ। ਅਮਰੀਕੀ ਗ੍ਰਹਿ ਵਿਭਾਗ ਅਤੇ ਕਈ ਹੋਰਨਾਂ ਸੋਮਿਆਂ ਦਾ ਦਾਅਵਾ ਹੈ ਕਿ ਪਾਕਿਸਤਾਨ ’ਚ ਰਹਿਣ ਵਾਲੇ ਸਿੱਖਾਂ ਦੀ ਆਬਾਦੀ 20 ਹਜ਼ਾਰ ਦੇ ਲਗਭਗ ਹੈ। ਇਕ ਵੱਖਰੀ ਪਛਾਣ ਵਜੋਂ ਗਿਣੇ ਨਾ ਜਾਣ ਦੀ ਕੀਤੀ ਗਈ ਮੰਗ ਦੇ ਬਾਵਜੂਦ ਅਜੇ ਤੱਕ ਲਗਾਤਾਰ ਅਦਾਲਤਾਂ ਦੇ ਹੁਕਮਾਂ ਅਤੇ ਸਰਕਾਰੀ ਭਰੋਸਿਆਂ ਦੇ ਬਾਵਜੂਦ ਅੰਕੜਾ ਬਿਊਰੋ ਨੇ ਪਾਕਿਸਤਾਨ ’ਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਜਾਰੀ ਨਹੀਂ ਕੀਤੀ ਹੈ।ਇਸ ਕਾਰਨ ਪਾਕਿਸਤਾਨ ’ਚ ਸਿੱਖਾਂ ਦੀ ਆਬਾਦੀ ਦਾ ਕੋਈ ਅਸਲ ਅੰਕੜਾ ਮੌਜੂਦ ਨਹੀਂ ਹੈ।  ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਦੌਰਾਨ ਸਿੱਖਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਜਿੱਥੇ 2002 ’ਚ ਇਹ ਗਿਣਤੀ 50 ਹਜ਼ਾਰ ਦੇ ਕਰੀਬ ਸੀ, ਹੁਣ ਮੁਸ਼ਕਲ ਨਾਲ 8 ਹਜ਼ਾਰ ਰਹਿ ਗਈ ਹੈ।

ਪਾਕਿਸਤਾਨ ’ਚ ਕਿਉਂਕਿ ਸਿੱਖਾਂ ਦੀ ਗਿਣਤੀ ਘੱਟ ਹੈ, ਇਸ ਕਾਰਨ ਸਿੱਖਾਂ ਦੇ ਅਧਿਕਾਰਾਂ ’ਚ ਵੀ ਗਿਰਾਵਟ ਆਈ ਹੈ। ਇਕ ਵੱਖਰੀ ਪਛਾਣ ਹੋਣ ਕਾਰਨ ਸਿੱਖ ਭਾਈਚਾਰੇ ਨੂੰ ਵਧੀ ਹੋਈ ਦਾੜ੍ਹੀ ਕਾਰਨ ਭਾਰੀ ਚੁਣੌਤੀ ਪੇਸ਼ ਆਉਂਦੀ ਹੈ।ਪਾਕਿਸਤਾਨ ’ਚ ਸਿੱਖਾਂ ਨੂੰ ਜਲਦੀ ਹੀ ਪਛਾਣ ਲਿਆ ਜਾਂਦਾ ਹੈ ਕਿਉਂਕਿ ਉਹ ਦਾੜ੍ਹੀ ਨੂੰ ਵਧਾ ਕੇ ਰੱਖਦੇ ਹਨ ਅਤੇ ਪੱਗੜੀ ਉੱਚੀ ਬੰਨ੍ਹਦੇ ਹਨ। ਇਸ ਕਾਰਨ ਉਹ ਮੁਸਲਮਾਨਾਂ ਨਾਲੋਂ ਵੱਖਰੇ ਵਿਖਾਈ ਦਿੰਦੇ ਹਨ। ਹਿੰਸਾ ਝੱਲਣ ਦੇ ਨਾਲ-ਨਾਲ ਸਿੱਖ ਭਾਈਚਾਰੇ ਨੂੰ ਪੱਗੜੀ ਅਤੇ ਕੜਾ ਪਹਿਨਣ ਕਾਰਨ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  2011 ’ਚ ਨਸੀਰਾ ਪਬਲਿਕ ਸਕੂਲ ਕਰਾਚੀ ਵਿਖੇ 2 ਸਿੱਖ ਵਿਦਿਆਰਥੀਆਂ ’ਤੇ ਆਪਣੀ ਪੱਗੜੀ ਅਤੇ ਕੜਾ ਕੁਝ ਅਗਿਆਤ ਕਾਰਨਾਂ ਕਾਰਨ ਉਤਾਰਨ ਲਈ ਦਬਾਅ ਪਾਇਆ ਗਿਆ।

ਇਕ ਹੋਰ ਮਾਮਲੇ ਅਧੀਨ ਇਕ ਸਿੱਖ ਵਿਅਕਤੀ ਨੂੰ ਇਕ ਕੰਪਨੀ ਨੇ ਇਸ ਲਈ ਕੱਢ ਦਿੱਤਾ ਕਿਉਂਕਿ ਉਸ ਵਿਅਕਤੀ ਨੇ ਸਿੱਖ ਜੀਵਨਸ਼ੈਲੀ ਨੂੰ ਅਪਣਾਇਆ ਹੋਇਆ ਸੀ। ਉਸ ਨੇ ਆਪਣੀ ਬਾਂਹ ’ਚ ਕੜਾ ਪਾਇਆ ਹੋਇਆ ਸੀ। ਪੱਗੜੀ ਵੀ ਧਾਰਨ ਕੀਤੀ ਹੋਈ ਸੀ। ਨਾਲ ਹੀ ਉਹ ਛੋਟੀ ਕਿਰਪਾਨ ਨੂੰ ਵੀ ਆਪਣੇ ਨਾਲ ਰੱਖਦਾ ਸੀ।ਇਸ ਦੇ ਨਾਲ ਹੀ ਪਾਕਿਸਤਾਨ ’ਚ ਸਿੱਖ ਨੌਜਵਾਨਾਂ ’ਚ ਸਾਖਰਤਾ ਦਰ ਵੀ ਘੱਟ ਹੋ ਗਈ ਹੈ। ਕੁਝ ਸਿੱਖ ਨੌਜਵਾਨਾਂ ਮੁਤਾਬਕ ਯੂਨੀਵਰਸਿਟੀਆਂ ’ਚ ਦਾਖਲਾ ਹਾਸਲ ਕਰਨ ਦੀ ਉਮੀਦ ਬਹੁਤ ਘੱਟ ਹੁੰਦੀ ਹੈ। ਜੇ ਕਿਸੇ ਤਰ੍ਹਾਂ ਉਹ ਆਪਣੀ ਸਿੱਖਿਆ ਪੂਰੀ ਕਰਨ ’ਚ ਸਫਲ ਹੋ ਜਾਂਦੇ ਹਨ ਤਾਂ ਨੌਕਰੀਆਂ ਲਈ ਪਾਕਿਸਤਾਨ ’ਚ ਸਿਰਫ 5 ਫੀਸਦੀ ਰੋਜ਼ਗਾਰ ਕੋਟਾ ਸਭ ਘੱਟਗਿਣਤੀ ਭਾਈਚਾਰਿਆਂ ਲਈ ਰਾਖਵਾਂ ਹੈ।ਲਗਾਤਾਰ ਵਿਤਕਰੇ ਕਾਰਨ ਸਿੱਖ ਭਾਈਚਾਰਾ ਆਰਥਿਕ ਪੱਖੋਂ ਵੀ ਅਪੰਗ ਹੋ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸਾਂਸਦ ਨੇ ਭਾਰਤ 'ਚ ਕੋਵਿਡ-19 ਦੀ ਸਥਿਤੀ 'ਤੇ ਬਾਈਡੇਨ ਨੂੰ ਲਿਖਿਆ ਪੱਤਰ

ਦਸਤਾਰ, ਕੜਾ ਅਤੇ ਕਿਰਪਾਨ ਧਾਰਨ ਕਰਨ ’ਚ ਵੀ ਉਨ੍ਹਾਂ ਨੂੰ ਡਰ ਲੱਗਦਾ ਹੈ। ਸਿੱਖਾਂ ਨਾਲ ਵਿਤਕਰਾ ਇੰਨਾ ਵੱਧ ਹੋ ਗਿਆ ਹੈ ਕਿ ਗੁਰਦੁਆਰਿਆਂ ਨੂੰ ਜਬਰੀ ਬੰਦ ਕਰਵਾ ਦਿੱਤਾ ਗਿਆ ਹੈ। ਸਿੱਖ ਵਪਾਰੀਆਂ ’ਤੇ ਹਮਲੇ ਹੋਣੇ ਆਮ ਗੱਲ ਹੈ। ਪੇਸ਼ਾਵਰ ’ਚ ਪਾਕਿਸਤਾਨੀ ਧਾਰਮਿਕ ਕੱਟੜ ਅੱਤਵਾਦੀਆਂ ਵੱਲੋਂ ਹੁਣ ਤੱਕ ਦਰਜਨਾਂ ਸਿੱਖਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਅੱਤਵਾਦੀ ਇਕ ਰੁਟੀਨ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਪੂਰੇ ਦੇਸ਼ ’ਚ ਸੈਂਕੜੇ ਹੋਰਨਾਂ ਧਾਰਮਿਕ ਘੱਟਗਿਣਤੀਆਂ ਦੀ ਵੀ ਉਹ ਹੱਤਿਆ ਕਰਦੇ ਹਨ। 2016 ’ਚ ਪੇਸ਼ਾਵਰ ਵਿਖੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਕ ਸਿੱਖ ਵਿਧਾਇਕ ਸੋਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਇਸ ਕਤਲ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ। ਇਸ ਮਾਮਲੇ ’ਚ ਪੁਲਸ ਨੇ ਇਕ ਸਿਆਸੀ ਵਿਰੋਧੀ ਅਤੇ ਘੱਟਗਿਣਤੀ ਹਿੰਦੂ ਭਾਈਚਾਰੇ ਦੇ ਨੇਤਾ ਬਲਦੇਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਕਿਉਂਕਿ ਅੱਤਵਾਦੀਆਂ ਕੋਲੋਂ ਡਰਦੀ ਹੈ, ਇਸ ਲਈ ਕਤਲਾਂ ਨੂੰ ਉਹ ਘੱਟਗਿਣਤੀ ਲੋਕਾਂ ਦੇ ਆਪਸੀ ਝਗੜੇ ਜਾਂ ਕਾਰੋਬਾਰੀ ਦੁਸ਼ਮਣੀ ਦੱਸ ਦਿੰਦੀ ਹੈ। ਇਕ ਲੇਖਕ ਹਾਰੂਨ ਖਾਲਿਦ ਜਿਨ੍ਹਾਂ ਨੇ ਪਾਕਿਸਤਾਨੀ ਘੱਟਗਿਣਤੀ ਭਾਈਚਾਰੇ ਦੇ ਲੋਕਾਂ ’ਤੇ ਕਈ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ’ਚ ਇਕ ਕਿਤਾਬ ‘ਵਰਕਿੰਗ ਵਿਦ ਨਾਨਕ’ ਵੀ ਸ਼ਾਮਲ ਹੈ, ਨੇ ਕਿਹਾ ਕਿ ਅਜਿਹੇ ਕਤਲਾਂ ਲਈ ਅੱਤਵਾਦੀ ਹੀ ਜ਼ਿੰਮੇਵਾਰ ਹਨ।

ਤਾਲਿਬਾਨ ਨੇ ਗੈਰ-ਮੁਸਲਮਾਨਾਂ ’ਤੇ ਜਜ਼ੀਆ ਵੀ ਲਾਇਆ ਹੋਇਆ ਹੈ। 2009 ’ਚ ਤਾਲਿਬਾਨਾਂ ਨੇ ਜਜ਼ੀਆ ਅਦਾ ਨਾ ਕਰਨ ’ਤੇ 11 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਸੀ। 2010 ’ਚ ਖੈਬਰ ਏਜੰਸੀ ਨਾਲ ਸਬੰਧ ਰੱਖਣ ਵਾਲੇ ਇਕ ਸਿੱਖ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਵੱਲੋਂ ਜਜ਼ੀਆ ਨਾ ਦੇਣ ਕਾਰਨ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਸੀ। ਆਪਣੇ ਵਿਆਹ ਦੀ ਖਰੀਦਦਾਰੀ ਕਰਨ ਪੇਸ਼ਾਵਰ ਆਏ 25 ਸਾਲ ਦੇ ਇਕ ਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਹੱਤਿਆ ਕਰ ਦਿੱਤੀ ਸੀ।ਕੱਟੜਪੰਥੀ ਅਨਸਰਾਂ ਨੇ ਸ੍ਰੀ ਨਨਕਾਣਾ ਸਾਹਿਬ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਘੇਰ ਲਿਆ ਅਤੇ ਉਸ ਨੂੰ ਡੇਗਣ ਦੀ ਧਮਕੀ ਦਿੱਤੀ। ਕਈ ਸਿੱਖ ਸ਼ਰਧਾਲੂ ਉਸ ਸਮੇਂ ਗੁਰਦੁਆਰਾ ਸਾਹਿਬ ਅੰਦਰ ਫਸੇ ਹੋਏ ਸਨ। ਵਿਖਾਵਾਕਾਰੀਆਂ ਨੇ ਇਹ ਨਾਅਰੇਬਾਜ਼ੀ ਵੀ ਕੀਤੀ ਕਿ ਉਹ ਜਲਦੀ ਹੀ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫਾ ਰੱਖ ਦੇਣਗੇ।

ਸਿੱਖ ਮੁਟਿਆਰਾਂ ਦਾ ਜਬਰੀ ਧਰਮ ਪਰਿਵਰਤਨ ਪਾਕਿਸਤਾਨ ’ਚ ਸਿੱਖ ਭਾਈਚਾਰੇ ਲਈ ਇਕ ਗੰਭੀਰ ਖਤਰਾ ਹੈ। ਲਾਹੌਰ ਦੀ ਜੀ. ਸੀ. ਕਾਲਜ ਯੂਨੀਵਰਸਿਟੀ ਦੇ ਪ੍ਰੋ. ਕਲਿਆਣ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਸਿੱਖਾਂ ਦੀ ਆਬਾਦੀ ਘੱਟ ਹੋ ਰਹੀ ਹੈ।  ਇਸ ਤੋਂ ਇਲਾਵਾ ਇਕ ਵੱਡਾ ਕਾਰਨ ਜਬਰੀ ਧਰਮ ਤਬਦੀਲੀ ਵੀ ਹੈ। ਇਕ ਕਾਰਜਕਾਰੀ ਮੈਂਬਰ ਹਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਕਾਰਨ ਇਮਰਾਨ ਸਰਕਾਰ ਦਾ ਦੋਹਰਾ ਚਿਹਰਾ ਸਾਹਮਣੇ ਆਉਂਦਾ ਹੈ। ਇਕ ਪਾਸੇ ਇਮਰਾਨ ਸਿੱਖਾਂ ਦੇ ਹਿਤੈਸ਼ੀ ਬਣਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੇ ਦੇਸ਼ ’ਚ ਸਿੱਖ ਮੁਟਿਆਰਾਂ ਅਤੇ ਔਰਤਾਂ ਨਾਲ ਮਾੜਾ ਵਤੀਰਾ ਅਪਣਾਇਆ ਜਾਂਦਾ ਹੈ। ਇਮਰਾਨ ਦੇ ਦਾਅਵੇ ਸ਼ੱਕ ਦੇ ਘੇਰੇ ’ਚ ਆਉਂਦੇ ਹਨ। ਮਨੁੱਖੀ ਅਧਿਕਾਰਾਂ ’ਤੇ ਵੀ ਪਾਕਿਸਤਾਨ ਦਾ ਰਿਕਾਰਡ ਸਾਰੀ ਦੁਨੀਆ ਜਾਣਦੀ ਹੈ।


Vandana

Content Editor

Related News