ਸਿੱਖਸ ਆਫ਼ ਅਮਰੀਕਾ ਨੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਾਸ਼ਿੰਗਟਨ ’ਚ ਕੀਤਾ ਨਿੱਘਾ ਸਵਾਗਤ
Saturday, Aug 24, 2024 - 12:38 PM (IST)
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ) - ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਇਨੀਂ ਦਿਨੀਂ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਹਨ। ਉਹਨਾਂ ਦੀ ਇਸ ਅਮਰੀਕਾ ਯਾਤਰਾ ਦੌਰਾਨ ਵਾਸ਼ਿੰਗਟਨ ਡੀ.ਸੀ. ’ਚ ਚੇਅਰਮੈਨ ਜਸਦੀਪ ਸਿੰਘ ਜੱਸੀ’ ਦੀ ਅਗਵਾਈ ’ਚ ਸਿੱਖਸ ਆਫ਼ ਅਮਰੀਕਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡੈਲੀਗੇਸ਼ਨ ਵਿੱਚ ਪ੍ਰਧਾਨ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਡਾਇਰੈਕਟਰ ਗੁਰਿਵੰਦਰ ਸਿੰਘ ਸੇਠੀ, ਸ: ਸੁਖਪਾਲ ਸਿੰਘ ਧਨੋਆ ਅਤੇ ਚੱਤਰ ਸਿੰਘ ਸੈਣੀ ਅਤੇ ਹੋਰ ਮੋਹਤਬਰ ਸੱਜਣ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।
ਮੀਟਿੰਗ ਉਪਰੰਤ ਸ: ਚੇਅਰਮੈਨ ਜਸਦੀਪ ਸਿੰਘ ਜੱਸੀ’ ਨੇ ਦੱਸਿਆ ਕਿ ਭਾਰਤੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਮੁਲਕਾਤ ਦੌਰਾਨ ਪੰਜਾਬ ਅਤੇ ਸਿੱਖਾਂ ਦੇ ਮੁੱਦੇ ਵਿਸ਼ੇਸ਼ ਰੂਪ ਵਿਚ ਉਠਾਏ ਗਏ। ਇਸ ਮੌਕੇ ਓ.ਐੱਫ.ਬੀ.ਜੇ.ਪੀ. ਅਮਰੀਕਾ ਦੇ ਪ੍ਰਧਾਨ ਅਡਿੱਪਾ ਪ੍ਰਸਾਦ ਨੇ ਮੰਗ ਕੀਤੀ ਕਿ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਰੱਖਿਆ ਜਾਵੇ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੀਆਂ ਹੀ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਿਆ ਅਤੇ ਇਹਨਾਂ ਨੂੰ ਪੂਰੀਆਂ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਵਿਚਾਰ ਵਟਾਂਦਰਾ ਕਰਨ ਦਾ ਵਾਅਦਾ ਕੀਤਾ।
ਇਸ ਇਕੱਤਰਤਾ ਦੇ ਅੰਤ ਵਿਚ ਚੇਅਰਮੈਨ ਜਸਦੀਪ ਸਿੰਘ ਜੱਸੀ’ ਨੇ ਸ਼ਾਲ ਅਤੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸ਼੍ਰੀ ਰਾਜਨਾਥ ਸਿੰਘ ਦਾ ਸਨਮਾਨ ਕੀਤਾ। ਸਮਾਗਮ ਦੇ ਅੰਤ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਅਮਰੀਕਾ ਵਿਚ ਵੱਸਦੇ ਪ੍ਰਵਾਸੀਆਂ ਅਤੇ ਖਾਸਕਰ ਸਿੱਖਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਪਰਾਏ ਮੁਲਕ ’ਚ ਪ੍ਰਾਪਤੀਆਂ ਕਰ ਕੇ ਨਾਮਣਾ ਖੱਟਿਆ ਹੈ ਅਤੇ ਆਪਣੇ ਭਾਰਤ ਦਾ ਨਾਮ ਉੱਚਾ ਕੀਤਾ ਹੈ।