ਅਮਰੀਕਾ: ਬ੍ਰਾਊਨ ਯੂਨੀਵਰਸਿਟੀ ਗੋਲੀਬਾਰੀ ਤੇ MIT ਪ੍ਰੋਫੈਸਰ ਦੀ ਹੱਤਿਆ ਦਾ ਮੁੱਖ ਸ਼ੱਕੀ ਦੀ ਮਿਲੀ ਲਾਸ਼

Friday, Dec 19, 2025 - 03:49 PM (IST)

ਅਮਰੀਕਾ: ਬ੍ਰਾਊਨ ਯੂਨੀਵਰਸਿਟੀ ਗੋਲੀਬਾਰੀ ਤੇ MIT ਪ੍ਰੋਫੈਸਰ ਦੀ ਹੱਤਿਆ ਦਾ ਮੁੱਖ ਸ਼ੱਕੀ ਦੀ ਮਿਲੀ ਲਾਸ਼

ਪ੍ਰੋਵੀਡੈਂਸ (ਅਮਰੀਕਾ) : ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ 'ਚ ਹੋਈ ਭਿਆਨਕ ਗੋਲੀਬਾਰੀ ਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਦੇ ਇੱਕ ਪ੍ਰੋਫੈਸਰ ਦੀ ਹੱਤਿਆ ਦੇ ਮਾਮਲੇ 'ਚ ਲੋੜੀਂਦਾ ਮੁੱਖ ਸ਼ੱਕੀ ਵੀਰਵਾਰ ਨੂੰ ਮ੍ਰਿਤਕ ਪਾਇਆ ਗਿਆ। ਅਧਿਕਾਰੀਆਂ ਅਨੁਸਾਰ, ਸ਼ੱਕੀ ਦੀ ਭਾਲ ਨਿਊ ਹੈਂਪਸ਼ਾਇਰ ਦੇ ਇੱਕ ਸਟੋਰੇਜ ਸੈਂਟਰ 'ਚ ਖਤਮ ਹੋਈ, ਜਿੱਥੇ ਉਸ ਦੀ ਲਾਸ਼ ਬਰਾਮਦ ਹੋਈ।

ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਪ੍ਰੋਵੀਡੈਂਸ ਪੁਲਸ ਮੁਖੀ ਕਰਨਲ ਆਸਕਰ ਪੇਰੇਜ਼ ਨੇ ਜਾਣਕਾਰੀ ਦਿੱਤੀ ਕਿ ਸ਼ੱਕੀ ਦੀ ਪਛਾਣ 48 ਸਾਲਾ ਕਲਾਉਡੀਓ ਨੇਵੇਸ ਵੈਲੇਂਤੇ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਪੁਰਤਗਾਲ ਦਾ ਨਾਗਰਿਕ ਸੀ। ਪੁਲਸ ਅਨੁਸਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼ੱਕੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਵੈਲੇਂਤੇ ਨੇ ਇਹਨਾਂ ਘਟਨਾਵਾਂ ਨੂੰ ਇਕੱਲੇ ਹੀ ਅੰਜਾਮ ਦਿੱਤਾ ਸੀ।

ਵਿਦਿਆਰਥੀਆਂ ਅਤੇ ਪ੍ਰੋਫੈਸਰ ਦੀ ਹੱਤਿਆ ਦਾ ਸੀ ਦੋਸ਼ੀ ਪੁਲਸ ਜਾਂਚ ਮੁਤਾਬਕ, ਵੈਲੇਂਤੇ ਨੇ ਪਿਛਲੇ ਸ਼ਨੀਵਾਰ ਨੂੰ ਬ੍ਰਾਊਨ ਯੂਨੀਵਰਸਿਟੀ ਦੇ ਇੱਕ ਲੈਕਚਰ ਹਾਲ 'ਚ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਨੌਂ ਹੋਰ ਜ਼ਖਮੀ ਹੋ ਗਏ ਸਨ। ਇਸ ਘਟਨਾ ਦੇ ਦੋ ਦਿਨਾਂ ਬਾਅਦ, ਉਸਨੇ ਪ੍ਰੋਵੀਡੈਂਸ ਤੋਂ ਲਗਭਗ 80 ਕਿਲੋਮੀਟਰ ਦੂਰ ਬਰੁਕਲਾਈਨ 'ਚ ਰਹਿਣ ਵਾਲੇ ਪੁਰਤਗਾਲੀ ਐੱਮਆਈਟੀ ਪ੍ਰੋਫੈਸਰ ਨੂਨੋ ਐੱਫ. ਜੀ. ਲੌਰੀਰੋ ਦੀ ਉਨ੍ਹਾਂ ਦੇ ਘਰ 'ਚ ਹੱਤਿਆ ਕਰ ਦਿੱਤੀ ਸੀ।

ਯੂਨੀਵਰਸਿਟੀ ਦਾ ਰਹਿ ਚੁੱਕਾ ਸੀ ਸਾਬਕਾ ਵਿਦਿਆਰਥੀ
ਬ੍ਰਾਊਨ ਯੂਨੀਵਰਸਿਟੀ ਦੀ ਪ੍ਰਧਾਨ ਕ੍ਰਿਸਟੀਨਾ ਪੈਕਸਨ ਨੇ ਦੱਸਿਆ ਕਿ ਕਲਾਉਡੀਓ ਨੇਵੇਸ ਵੈਲੇਂਤੇ ਸਾਲ 2000 ਤੋਂ 2001 ਤੱਕ ਭੌਤਿਕ ਵਿਗਿਆਨ (Physics) ਵਿੱਚ ਪੋਸਟ ਗ੍ਰੈਜੂਏਟ ਦਾ ਵਿਦਿਆਰਥੀ ਰਿਹਾ ਸੀ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਵਿੱਚ ਉਸ ਦਾ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ ਸੀ।


author

Baljit Singh

Content Editor

Related News