ਸਮੁੰਦਰ ਵਿਚਾਲੇ ਅਮਰੀਕਾ ਦਾ ਵੱਡਾ ਹਮਲਾ ! 3 ਕਿਸ਼ਤੀਆਂ ਨੂੰ ਬਣਾਇਆ ਨਿਸ਼ਾਨਾ, 8 ਦੀ ਮੌਤ
Tuesday, Dec 16, 2025 - 11:45 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਪ੍ਰਸ਼ਾਸਨ ਦੀ ਸਮੁੰਦਰ ਵਿਚਾਲੇ ਨਸ਼ਾ ਤਸਕਰੀ ਖ਼ਿਲਾਫ਼ ਛੇੜੀ ਗਈ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅਮਰੀਕੀ ਦੱਖਣੀ ਕਮਾਂਡ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕੀ ਫੌਜ ਨੇ ਅੰਤਰਰਾਸ਼ਟਰੀ ਸਮੁੰਦਰੀ ਖੇਤਰਾਂ ਵਿੱਚ ਨਿਰਧਾਰਿਤ ਅੱਤਵਾਦੀ ਸੰਗਠਨਾਂ ਦੁਆਰਾ ਚਲਾਏ ਜਾ ਰਹੇ 3 ਜਹਾਜ਼ਾਂ 'ਤੇ ਹਮਲਾ ਕਰ ਕੇ 8 ਨਾਰਕੋ-ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਹਮਲੇ ਸੋਮਵਾਰ ਨੂੰ ਅਮਰੀਕੀ ਜੰਗੀ ਸਕੱਤਰ ਪੀਟ ਹੇਗਸੇਥ ਦੇ ਨਿਰਦੇਸ਼ਾਂ ਹੇਠ 'ਆਪਰੇਸ਼ਨ ਸਾਊਥਰਨ ਸਪੀਅਰ' ਦੇ ਹਿੱਸੇ ਵਜੋਂ ਕੀਤੇ ਗਏ ਹਨ।
ਦੱਖਣੀ ਕਮਾਂਡ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪੁਸ਼ਟੀ ਕੀਤੀ ਗਈ ਸੀ ਕਿ ਇਹ ਤਿੰਨੋਂ ਜਹਾਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਜਾਣੇ-ਪਛਾਣੇ ਰੂਟਾਂ 'ਤੇ ਚੱਲ ਰਹੇ ਸਨ ਅਤੇ ਇਸ ਕਾਰਵਾਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਇਨ੍ਹਾਂ ਹਮਲਿਆਂ ਦੌਰਾਨ ਕੁੱਲ 8 ਨਾਰਕੋ-ਅੱਤਵਾਦੀ ਮਾਰੇ ਗਏ ਹਨ।
ਜ਼ਿਕਰਯੋਗ ਹੈ ਕਿ 'ਆਪਰੇਸ਼ਨ ਸਾਊਥਰਨ ਸਪੀਅਰ', ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਹੈ। ਇਸ ਮੁਹਿੰਮ ਦਾ ਮੰਤਵ ਸਮੁੰਦਰੀ ਰਸਤੇ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣਾ ਹੈ। ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸ਼ੱਕੀ ਨਸ਼ੀਲੇ ਪਦਾਰਥਾਂ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਵਿੱਚ ਘੱਟੋ-ਘੱਟ 95 ਲੋਕ ਮਾਰੇ ਜਾ ਚੁੱਕੇ ਹਨ।
