ਸਰੀ ''ਚ ਮੁੜ ਹੋਈ ਗੋਲੀਬਾਰੀ ਦੌਰਾਨ 1 ਵਿਅਕਤੀ ਦੀ ਮੌਤ, ਇੱਕ ਗੰਭੀਰ ਜ਼ਖਮੀ
Sunday, Jan 25, 2026 - 07:10 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਵਾਪਰੀ ਗੋਲੀਬਾਰੀ ਦੀ ਇੱਕ ਹੋਰ ਘਟਨਾ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਗੰਭੀਰ ਹਾਲਤ 'ਚ ਜ਼ਖਮੀ ਹੋ ਗਿਆ। ਪੁਲਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 4 ਵੱਜ ਕੇ 55 ਮਿੰਟ ’ਤੇ 91 ਐਵਿਨਿਊ ਨੇੜੇ ਸਥਿਤ ਇੱਕ ਰਿਹਾਇਸ਼ੀ ਘਰ ਵਿੱਚ ਵਾਪਰੀ। ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸੰਬੰਧਿਤ ਘਰ ਦੇ ਅੰਦਰੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਏ 2 ਪੁਰਸ਼ ਮਿਲੇ ਜਿਨ੍ਹਾਂ ਦੀ ਜਾਨ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਸਰੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਫਿਰ ਤਣਾਅ: ਮਿਨੀਆਪੋਲਿਸ 'ਚ ਇਮੀਗ੍ਰੇਸ਼ਨ ਏਜੰਟਾਂ ਨੇ ਇਕ ਹੋਰ ਵਿਅਕਤੀ ਨੂੰ ਮਾਰੀ ਗੋਲੀ
ਹੱਤਿਆ ਜਾਂਚ ਟੀਮ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਜਾਂਚ ਮੁਤਾਬਕ ਇਹ ਗੋਲੀਬਾਰੀ ਨਾ ਤਾਂ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੇ ਗੈਂਗ ਟਕਰਾਅ ਨਾਲ ਜੁੜੀ ਲੱਗਦੀ ਹੈ ਅਤੇ ਨਾ ਹੀ ਸ਼ਹਿਰ ਵਿੱਚ ਜਾਰੀ ਜ਼ਬਰਦਸਤੀ ਵਸੂਲੀ ਮਾਮਲਿਆਂ ਨਾਲ। ਪੁਲਸ ਵੱਲੋਂ ਇਲਾਕੇ ਨੂੰ ਘੇਰਾਬੰਦੀ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਫਿਲਹਾਲ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਨਵੇਂ ਸਾਲ ਵਿੱਚ ਸਰੀ 'ਚ ਗੋਲੀਬਾਰੀ ਦੀ ਇਹ ਤੀਸਰੀ ਘਟਨਾ ਮੰਨੀ ਜਾ ਰਹੀ ਹੈ।
