ਕੇਂਦਰੀ ਖੇਤੀਬਾੜੀ ਮੰਤਰੀ ਸ਼ੋਭਾ ਕਰੰਦਲਾਜੇ ਦਾ ਇਟਲੀ ਪਹੁੰਚਣ ''ਤੇ ਭਾਰਤੀ ਅੰਬੈਂਸੀ ਰੋਮ ਵੱਲੋਂ ਨਿੱਘਾ ਸਵਾਗਤ
Tuesday, Dec 06, 2022 - 03:40 PM (IST)
ਰੋਮ (ਦਲਵੀਰ ਕੈਂਥ)- ਭਾਰਤ ਸਰਕਾਰ ਦੇ ਸਤਿਕਾਰਤ ਖੇਤੀਬਾੜੀ ਮੰਤਰੀ (ਮਨਿਸਟਰ ਆਫ਼ ਸਟੇਟ ਫਾਰ ਐਗਰੀਚਲਚਰ ਐਂਡ ਫਾਰਮਰਜ਼ ਵੈੱਲਫੇਅਰ) ਸ਼ੋਭਾ ਕਰੰਦਲਾਜੇ ਆਪਣੇ ਵਿਸ਼ੇਸ਼ ਖੇਤੀਬਾੜੀ ਦੇ ਮਾਹਰ ਵਫ਼ਦ ਨਾਲ ਪਹਿਲੀ ਵਾਰ ਇਟਲੀ ਵਿਖੇ ਪਹੁੰਚੇ। ਇਸ ਦੌਰਾਨ ਭਾਰਤੀ ਅੰਬੈਂਸੀ ਰੋਮ ਦੇ ਸਮੁੱਚੇ ਸਟਾਫ਼ ਵੱਲੋਂ ਸਤਿਕਾਰਤ ਰਾਜਦੂਤ ਮੈਡਮ ਡਾ:ਨੀਨਾ ਮਲਹੋਤਰਾ ਦੀ ਅਗਵਾਈ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਸ਼ੋਭਾ ਕਰੰਦਲਾਜੇ ਭਾਰਤੀ ਖੇਤੀਬਾੜੀ ਦੀਆਂ ਵਿਸ਼ੇਸ਼ਤਾਵਾਂ ਤੇ ਹੋਰ ਖੇਤੀਬਾੜੀ ਸੰਬਧੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਰੋਮ (ਇਟਲੀ) ਨਾਲ ਵਿਚਾਰਾਂ ਕਰਨਗੇ।
ਉਨ੍ਹਾਂ ਦੇ ਸਤਿਕਾਰ ਵਜੋਂ ਇੱਕ ਵਿਸ਼ੇਸ਼ ਸਮਾਰੋਹ ਭਾਰਤੀ ਅੰਬੈਂਸੀ ਰੋਮ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਕਿ ਇਟਲੀ ਸਰਕਾਰ ਦੇ ਕਈ ਉੱਚ ਅਧਿਕਾਰੀ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਰੋਮ ਦੇ ਉੱਚ ਅਧਿਕਾਰੀ, ਭਾਰਤੀ ਤੇ ਇਟਾਲੀਅਨ ਭਾਈਚਾਰੇ ਦੀਆਂ ਕਈ ਨਾਮੀ ਸਖ਼ਸੀਅਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ ਅੰਬੈਂਸੀ ਰੋਮ ਵੱਲੋਂ ਇਸ ਮੌਕੇ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦਾ ਲੁਤਫ਼ ਹਾਜ਼ਰੀਨ ਮਹਿਮਾਨਾਂ ਨੇ ਭਰਪੂਰ ਲਿਆ। ਸ਼ੋਭਾ ਕਰੰਦਲਾਜੇ ਆਪਣੀ ਇਸ ਵਿਸ਼ੇਸ਼ ਫੇਰੀ ਦੌਰਾਨ ਕਈ ਭਾਰਤੀ ਖੇਤੀਬਾੜੀ ਦੀਆਂ ਫ਼ਸਲਾਂ ਖ਼ਾਸਕਰ ਬਾਜਰੇ ਦੀਆਂ ਵਿਸ਼ੇਸ਼ਤਾਵਾਂ ਸੰਬਧੀ ਅਹਿਮ ਵਿਚਾਰਾਂ ਕਰਨਗੇ। ਇਸ ਮੌਕੇ ਉਹ ਆਪਣੇ ਨਾਲ ਬਾਜਰੇ ਤੋਂ ਬਣੇ ਕਈ ਪ੍ਰੋਡੈਕਟਾਂ ਦਾ ਭੰਡਾਰ ਵੀ ਲੈਕੇ ਆਏ ਹਨ, ਜਿਹਨਾਂ ਦੀ ਇੱਕ ਪ੍ਰਦਰਸ਼ਨੀ ਵੀ ਅੰਬੈਂਸੀ ਵਿਖੇ ਲੱਗੀ। ਭਾਰਤੀ ਭਾਈਚਾਰੇ ਵੱਲੋਂ ਸ਼ੋਭਾ ਕਰੰਦਲਾਜੇ ਦਾ ਵਿਸ਼ੇਸ਼ ਸਨਮਾਨ ਚਿੰਨ ਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਮਾਣ-ਸਨਮਾਨ ਕੀਤਾ ਗਿਆ।