ਸਮੁੰਦਰ ''ਚ ਡੁੱਬਾ ਸੋਨੇ ਨਾਲ ਲੱਦਿਆ ਜਾਹਜ਼, ਰੇਗਿਸਤਾਨ ''ਚੋਂ ਲੱਭਾ ! ਹਰ ਕੋਈ ਰਹਿ ਗਿਆ ਹੈਰਾਨ
Tuesday, Dec 30, 2025 - 04:50 PM (IST)
ਇੰਟਰਨੈਸ਼ਨਲ ਡੈਸਕ: ਅਫਰੀਕਾ ਦੇ ਨਾਮੀਬ ਰੇਗਿਸਤਾਨ ਵਿੱਚ ਪੁਰਾਤੱਤਵ ਵਿਗਿਆਨੀਆਂ ਨੇ ਇੱਕ ਅਜਿਹੀ ਖੋਜ ਕੀਤੀ ਹੈ, ਜਿਸ ਨੇ ਇਤਿਹਾਸਕਾਰਾਂ ਦੇ ਹੋਸ਼ ਉਡਾ ਦਿੱਤੇ ਹਨ। ਰੇਤ ਦੇ ਢੇਰਾਂ ਦੇ ਹੇਠਾਂ 16ਵੀਂ ਸਦੀ ਦਾ ਇੱਕ ਪੁਰਤਗਾਲੀ ਜਹਾਜ਼ ਦੱਬਿਆ ਹੋਇਆ ਮਿਲਿਆ ਹੈ, ਜੋ ਕਦੇ ਅਟਲਾਂਟਿਕ ਮਹਾਂਸਾਗਰ ਵਿੱਚ ਵਪਾਰਕ ਯਾਤਰਾ 'ਤੇ ਨਿਕਲਿਆ ਸੀ। ਅੱਜ ਇਹ ਇਲਾਕਾ ਸਮੁੰਦਰ ਤੋਂ ਕਾਫੀ ਦੂਰ ਹੈ, ਪਰ ਕਿਸੇ ਸਮੇਂ ਇੱਥੇ ਸਮੁੰਦਰੀ ਲਹਿਰਾਂ ਟਕਰਾਉਂਦੀਆਂ ਸਨ।
ਹੀਰੇ ਦੀ ਖੁਦਾਈ ਦੌਰਾਨ ਮਿਲਿਆ 'Bom Jesus'
ਸਰੋਤਾਂ ਅਨੁਸਾਰ ਇਹ ਜਹਾਜ਼ ਸਾਲ 2008 ਵਿੱਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਨਾਮੀਬੀਆ ਵਿੱਚ ਹੀਰੇ ਦੀ ਖੁਦਾਈ ਦੌਰਾਨ ਸਮੁੰਦਰੀ ਪਾਣੀ ਹਟਾਇਆ ਗਿਆ ਸੀ। ਰੇਤ ਹੇਠੋਂ ਲੱਕੜ ਦਾ ਇੱਕ ਵਿਸ਼ਾਲ ਢਾਂਚਾ ਮਿਲਿਆ, ਜਿਸ ਦੀ ਪਛਾਣ 'Bom Jesus' ਵਜੋਂ ਹੋਈ ਹੈ, ਜੋ 1500 ਦੇ ਦਹਾਕੇ ਵਿੱਚ ਡੁੱਬਿਆ ਸੀ।
ਹੈਰਾਨ ਕਰ ਦੇਣ ਵਾਲਾ ਮਿਲਿਆ ਖ਼ਜ਼ਾਨਾ
ਇਸ ਜਹਾਜ਼ ਦੇ ਅੰਦਰੋਂ ਅਜਿਹਾ ਖ਼ਜ਼ਾਨਾ ਮਿਲਿਆ ਹੈ ਜੋ ਸੈਂਕੜੇ ਸਾਲਾਂ ਬਾਅਦ ਵੀ ਬਹੁਤ ਵਧੀਆ ਹਾਲਤ ਵਿੱਚ ਹੈ। ਜਹਾਜ਼ ਵਿੱਚੋਂ ਲਗਭਗ 2,000 ਸੋਨੇ ਦੇ ਸਿੱਕੇ, ਸੈਂਕੜੇ ਕਿਲੋ ਤਾਂਬੇ ਦੀਆਂ ਸਿੱਲੀਆਂ, ਚਾਂਦੀ ਦੇ ਸਿੱਕੇ ਅਤੇ ਹਾਥੀ ਦੰਦ ਬਰਾਮਦ ਕੀਤੇ ਗਏ ਹਨ। ਇਹ ਸਭ ਚੀਜ਼ਾਂ ਯੂਰਪ ਦੇ ਪੁਰਾਤਨ ਦੌਰ ਦੇ ਵਪਾਰ ਦੀ ਗਵਾਹੀ ਭਰਦੀਆਂ ਹਨ।
ਭਾਰਤ ਵੱਲ ਆਉਂਦੇ ਹੋਏ ਹੋਇਆ ਸੀ ਹਾਦਸਾ
ਇਤਿਹਾਸਕਾਰਾਂ ਮੁਤਾਬਕ ਇਹ ਜਹਾਜ਼ ਮਾਰਚ 1533 ਵਿੱਚ ਭਾਰਤ ਵੱਲ ਵਪਾਰਕ ਯਾਤਰਾ 'ਤੇ ਨਿਕਲਿਆ ਸੀ। ਪਰ ਰਸਤੇ ਵਿੱਚ ਨਾਮੀਬੀਆ ਦੇ ਤੱਟ ਕੋਲ ਇੱਕ ਭਿਆਨਕ ਤੂਫ਼ਾਨ ਆਉਣ ਕਾਰਨ ਇਹ ਚਟਾਨਾਂ ਨਾਲ ਟਕਰਾ ਗਿਆ ਅਤੇ ਸਮੁੰਦਰ ਵਿੱਚ ਗਰਕ ਹੋ ਗਿਆ।
ਕਿੱਥੇ ਗਏ 200 ਲੋਕ?
ਅਣਸੁਲਝਿਆ ਰਹੱਸ ਇਸ ਜਹਾਜ਼ ਨਾਲ ਇੱਕ ਵੱਡਾ ਰਹੱਸ ਵੀ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਜਹਾਜ਼ ਵਿੱਚ ਲਗਭਗ 200 ਲੋਕ ਸਵਾਰ ਹੋ ਸਕਦੇ ਸਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉੱਥੋਂ ਕਿਸੇ ਵੀ ਇਨਸਾਨੀ ਸ਼ਰੀਰ ਦਾ ਕੋਈ ਅਵਸ਼ੇਸ਼ ਨਹੀਂ ਮਿਲਿਆ। ਕੀ ਉਹ ਸਾਰੇ ਲੋਕ ਡੁੱਬ ਗਏ ਸਨ ਜਾਂ ਕਿਨਾਰੇ ਤੱਕ ਪਹੁੰਚ ਕੇ ਬਚ ਗਏ ਸਨ, ਇਸ ਬਾਰੇ ਅੱਜ ਵੀ ਕੋਈ ਜਾਣਕਾਰੀ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
