ਇਮਰਾਨ ਸਰਕਾਰ ਦੀ ਮਰਜ਼ੀ ਦੇ ਖਿਲਾਫ ਬਿਨਾਂ ਸ਼ਰਤ ਇਲਾਜ ਲਈ ਵਿਦੇਸ਼ ਜਾਣਗੇ ਸ਼ਰੀਫ
Saturday, Nov 16, 2019 - 04:35 PM (IST)

ਲਾਹੌਰ— ਪਾਕਿਸਤਾਨ 'ਚ ਇਮਰਾਨ ਖਾਨ ਸਰਕਾਰ ਨੂੰ ਇਸ ਵਾਰ ਆਪਣੇ ਹੀ ਘਰ 'ਚ ਮੂੰਹ ਦੀ ਖਾਣੀ ਪਈ। ਪਾਕਿਸਤਾਨ ਦੀ ਲਾਹੌਰ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਨਾਂ 'ਨੋ ਫਲਾਈ ਲਿਸਟ' 'ਚੋਂ ਹਟਾਉਣ ਦੀ ਆਗਿਆ ਦੇ ਦਿੱਤੀ ਹੈ। ਅਦਾਲਤ ਦਾ ਇਹ ਫੈਸਲਾ ਇਮਰਾਨ ਸਰਕਾਰ ਦੇ ਖਿਲਾਫ ਆਇਆ ਹੈ। ਇਮਰਾਨ ਸਰਕਾਰ ਨੇ ਅਦਾਲਤ 'ਚ ਸੁਣਵਾਈ ਦੌਰਾਨ ਇਸ ਪਟੀਸ਼ਨ ਦਾ ਪੂਰਾ ਵਿਰੋਧ ਕੀਤਾ ਪਰ ਅਦਾਲਤ ਨੇ ਸਰਕਾਰ ਦੀਆਂ ਦਲੀਲਾਂ ਖਾਰਿਜ ਕਰਦੇ ਹੋਏ ਸ਼ਰੀਫ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ। ਇਸ ਪਟੀਸ਼ਨ ਨੂੰ ਨਵਾਜ਼ ਸ਼ਰੀਫ ਦੇ ਭਰਾ ਨੇ ਦਾਇਰ ਕੀਤਾ ਸੀ।
ਸੁਣਵਾਈ ਦੌਰਾਨ ਅਦਾਲਤ ਨੇ ਇਮਰਾਨ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਕੀ ਨਵਾਜ਼ ਸ਼ਰੀਫ ਦਾ ਨਾਂ ਐਗਜ਼ਿਟ ਕੰਰਟੋਲ ਲਿਸਟ ਤੋਂ ਹਟਾਉਣ ਲਈ ਸ਼ਰਤ ਰੱਖਣ ਦਾ ਉਸ ਨੂੰ ਜਨਾਦੇਸ਼ ਮਿਲਿਆ ਹੈ। ਉਧਰ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਕਿਹਾ ਕਿ ਇਸ ਨਾਲ ਸਰਕਾਰ ਦੀ ਨਿਯਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗੰਦੀ ਸਿਆਸਤ ਕਰ ਰਹੀ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਇਮਰਾਨ ਸਰਕਾਰ ਦੇ ਇਕ ਮੰਤਰੀ ਨੇ ਕਿਹਾ ਕਿ ਇਲਾਜ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਆਗਿਆ ਸਿਰਫ ਇਕ ਵਾਰ ਦਿੱਤੀ ਜਾਵੇਗੀ। ਉਕਤ ਮੰਤਰੀ ਨੇ ਕਿਹਾ ਕਿ ਸ਼ਰੀਫ ਨੂੰ ਚਾਰ ਹਫਤੇ ਦੇ ਅੰਦਰ ਵਾਪਸ ਆਉਣਾ ਹੋਵੇਗਾ। ਇਸ ਦੇ ਬਦਲੇ ਸਰਕਾਰ ਨੇ ਨਵਾਜ਼ ਸ਼ਰੀਫ ਦੇ ਪਰਿਵਾਰ ਨੂੰ 75 ਅਰਬ ਪਾਕਿਸਤਾਨੀ ਰੁਪਏ ਦੇ ਬਾਂਡ ਭਰਨ ਦੀ ਮੰਗ ਕੀਤੀ ਸੀ।