'ਪਾਕਿ-ਅਫਗਾਨ ਸਰਹੱਦੀ ਖੇਤਰ 'ਚ TTP ਦੇ ਸੱਤ ਤੋਂ 10 ਹਜ਼ਾਰ ਅੱਤਵਾਦੀ'
Thursday, Dec 29, 2022 - 04:15 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅੱਤਵਾਦੀ ਸਮੂਹ ਕੋਲ ਪਾਕਿਸਤਾਨ-ਅਫਗਾਨਿਸਤਾਨ ਸਰਹੱਦੀ ਖੇਤਰ ਵਿੱਚ 7,000 ਤੋਂ 10,000 ਲੜਾਕੇ ਹਨ। ਸਨਾਉੱਲਾ ਨੇ ਇਹ ਵੀ ਕਿਹਾ ਕਿ ਬਾਗੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਕਰੀਬ 25,000 ਮੈਂਬਰ ਹਨ। ਉਨ੍ਹਾਂ ਇਹ ਟਿੱਪਣੀ ‘ਡਾਨ ਨਿਊਜ਼ ਟੀਵੀ’ ਨਾਲ ਗੱਲਬਾਤ ਕਰਦਿਆਂ ਅਜਿਹੇ ਸਮੇਂ ਕੀਤੀ ਜਦੋਂ ਟੀਟੀਪੀ ਦੇਸ਼ ਭਰ ਵਿੱਚ ਹਮਲੇ ਕਰ ਰਿਹਾ ਹੈ। ਇਸ ਵਿੱਚ 2014 ਤੋਂ ਬਾਅਦ ਰਾਜਧਾਨੀ ਇਸਲਾਮਾਬਾਦ ਵਿੱਚ ਹਾਲੀਆ ਹਮਲਾ ਵੀ ਸ਼ਾਮਲ ਹੈ। ਟੀਟੀਪੀ ਨੇ ਨਵੰਬਰ ਦੇ ਬਾਅਦ ਤੋਂ ਸੁਰੱਖਿਆ ਬਲਾਂ 'ਤੇ ਹਮਲੇ ਵਧਾ ਦਿੱਤੇ ਹਨ ਜਦੋਂ ਇਸ ਨੇ ਪਾਕਿਸਤਾਨ ਸਰਕਾਰ ਨਾਲ ਇਕ ਮਹੀਨੇ ਦੀ ਜੰਗਬੰਦੀ ਖ਼ਤਮ ਕੀਤੀ ਸੀ।
ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਸਨਾਉੱਲਾ ਨੇ ਕਿਹਾ ਕਿ ਕੁਝ ਸਥਾਨਕ ਲੋਕ ਜ਼ਬਰਨ ਵਸੂਲੀ ਅਤੇ ਬਲੈਕਮੇਲ ਵਰਗੇ ਅਪਰਾਧਾਂ ਵਿੱਚ ਵੀ ਸ਼ਾਮਲ ਹਨ ਅਤੇ ਦੋਸ਼ ਲਾਇਆ ਕਿ ਸੂਬਾਈ ਸਰਕਾਰ ਉਨ੍ਹਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਅਗਵਾਈ ਵਾਲੀ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ''ਇਸ ਦਾ ਸਭ ਤੋਂ ਵੱਡਾ ਕਾਰਨ ਖੈਬਰ ਪਖਤੂਨਖਵਾ ਸਰਕਾਰ ਅਤੇ ਅੱਤਵਾਦ ਵਿਰੋਧੀ ਵਿਭਾਗ ਦੀ ਅਸਫਲਤਾ ਹੈ, ਇਸ ਨੂੰ ਰੋਕਣਾ ਉਨ੍ਹਾਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰਾਖੀ ਲਈ ਪਾਕਿਸਤਾਨ ਕੋਲ ਆਪਣੀ ਫ਼ੌਜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਤੋਂ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਸਬੰਧੀ ਆਸਟ੍ਰੇਲੀਆਈ ਪੀ.ਐੱਮ. ਨੇ ਕਹੀ ਇਹ ਗੱਲ
ਸਨਾਉੱਲਾ ਨੇ ਕਿਹਾ ਕਿ ਜੇਕਰ ਸੂਬਾਈ ਸਰਕਾਰ ਸਥਿਤੀ ਨੂੰ ਸੰਭਾਲ ਨਹੀਂ ਸਕਦੀ ਤਾਂ ਉਹ ਸੰਘੀ ਸਰਕਾਰ ਨੂੰ ਬੇਨਤੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ''ਫ਼ੌਜ ਅੱਤਵਾਦ ਦੇ ਅਜਿਹੇ ਤੱਤਾਂ ਦਾ ਖਾਤਮਾ ਕਰੇਗੀ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਅਫਗਾਨ ਤਾਲਿਬਾਨ ਦੀ ਸਫਲਤਾ ਨਾਲ ਟੀਟੀਪੀ ਮਜ਼ਬੂਤ ਹੋਇਆ ਹੈ। ਟੀਟੀਪੀ ਨੂੰ ਅਲ-ਕਾਇਦਾ ਦੇ ਨੇੜੇ ਮੰਨਿਆ ਜਾਂਦਾ ਹੈ ਅਤੇ ਪਾਕਿਸਤਾਨ ਵਿੱਚ ਕਈ ਹਮਲਿਆਂ ਲਈ ਜ਼ਿੰਮੇਵਾਰ ਹੈ, ਜਿਸ ਵਿੱਚ 2009 ਵਿੱਚ ਇੱਕ ਫ਼ੌਜ ਦੇ ਹੈੱਡਕੁਆਰਟਰ 'ਤੇ ਹਮਲਾ, ਫ਼ੌਜੀ ਸਥਾਪਨਾਵਾਂ 'ਤੇ ਹਮਲੇ ਅਤੇ ਇਸਲਾਮਾਬਾਦ ਵਿੱਚ 2008 ਵਿੱਚ ਮੈਰੀਅਟ ਹੋਟਲ ਧਮਾਕੇ ਸ਼ਾਮਲ ਹਨ। 2014 ਵਿੱਚ ਪਾਕਿਸਤਾਨੀ ਤਾਲਿਬਾਨ ਨੇ ਪੇਸ਼ਾਵਰ ਦੇ ਆਰਮੀ ਪਬਲਿਕ ਸਕੂਲ 'ਤੇ ਹਮਲਾ ਕੀਤਾ ਸੀ, ਜਿਸ ਵਿੱਚ 131 ਵਿਦਿਆਰਥੀਆਂ ਸਮੇਤ ਘੱਟੋ-ਘੱਟ 150 ਲੋਕ ਮਾਰੇ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।