ਬ੍ਰਿਟੇਨ ''ਚ ਅੱਤਵਾਦ ਨੂੰ ਵਧਾਵਾ ਦੇ ਰਹੀਆਂ ਨੇ ਊਰਦੂ ਅਖਬਾਰਾਂ

10/06/2017 12:14:28 PM

ਲੰਡਨ (ਬਿਊਰੋ)— ਬ੍ਰਿਟੇਨ ਵਿਚ ਇਸ ਸਾਲ ਹੋਏ ਅੱਤਵਾਦੀ ਹਮਲਿਆਂ ਮਗਰੋਂ ਹੁਣ ਬ੍ਰਿਟੇਨ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਅਖਬਾਰਾਂ ਅਤੇ ਸੋਸ਼ਲ ਮੀਡੀਆ ਦੀ ਅੱਤਵਾਦੀ ਸਮੱਗਰੀ 'ਤੇ ਹੈ। ਇਸ ਜਾਂਚ ਦੌਰਾਨ ਅੱਤਵਾਦ ਨੂੰ ਸਮਰਥਨ ਅਤੇ ਵਧਾਵਾ ਦੇਣ ਵਾਲੇ ਕਈ ਊਰਦੂ ਅਖਬਾਰ ਅਤੇ ਟੀ. ਵੀ. ਚੈਨਲ ਮਿਲੇ ਹਨ।  
ਲੰਡਨ ਦੇ ਪਾਰਸਨਸ ਗ੍ਰੀਨ ਟਿਊਬ ਸਟੇਸ਼ਨ 'ਤੇ ਬੇਤੇ ਮਹੀਨੇ ਹੋਇਆ ਹਮਲਾ ਇਸ ਸਾਲ ਬ੍ਰਿਟੇਨ ਵਿਚ ਹੋਇਆ 6ਵਾਂ ਅੱਤਵਾਦੀ ਹਮਲਾ ਸੀ। ਇਸ ਦੇ ਠੀਕ ਬਾਅਦ ਸੁਰੱਖਿਆ ਏਜੰਸੀਆਂ ਨੇ ਇਸ ਦੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਭਾਲ ਉਨ੍ਹਾਂ ਨੂੰ ਡਿਜ਼ੀਟਲ ਦੁਨੀਆ ਤੱਕ ਲੈ ਗਈ।
ਇਸ ਦੇ ਇਕ ਹਫਤੇ ਬਾਅਦ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੀਜ਼ਾ ਮੇ ਨੇ ਸੰਯੁਕਤ ਰਾਸ਼ਟਰ ਵਿਚ ਅੱਤਵਾਦ ਵਿਰੁੱਧ ਲੜਾਈ ਵਿਚ ਨਵੇਂ ਸੰਚਾਰ ਮਾਧਿਅਮਾਂ ਦੀ ਭੂਮਿਕਾ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਕਿਹਾ ਸੀ,''ਸਾਨੂੰ ਇੰਟਰਨੈੱਟ 'ਤੇ ਮੌਜੂਦ ਅੱਤਵਾਦੀ ਸਮੱਗਰੀ ਨੂੰ ਅੱਗੇ ਵੱਧ ਕੇ ਹੋਰ ਤੇਜ਼ ਗਤੀ ਨਾਲ ਹਟਾਉਣ ਦੀ ਲੋੜ ਹੈ।''
ਉੱਧਰ ਪੂਰਬੀ ਲੰਡਨ ਵਿਚ ਊਰਦੂ ਦਾ ਇਕ ਅਖਬਾਰ 'ਡੇਲੀ ਓਸਫ' ਆਉਂਦਾ ਹੈ, ਜਿਸ ਨੂੰ ਪਾਕਿਸਤਾਨ ਕੱਢਦਾ ਹੈ। ਇਸ ਅਖਬਾਰ ਵਿਚ ਹਾਲ ਵਿਚ ਹੀ ਓਸਾਮਾ ਬਿਨ ਲਾਦੇਨ ਅਤੇ ਮੁੱਲਾ ਉਮਰ ਜਿਹੇ ਅੱਤਵਾਦੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ 'ਇਸਲਾਮ ਦਾ ਯੋਧਾ' ਤੱਕ ਕਿਹਾ। ਇਹੀ ਨਹੀਂ ਮੁਫਤ ਉਪਲਬਧ ਅਖਬਾਰ 'ਨਵਾ-ਏ-ਜੰਗ' ਵਿਚ ਤਾਂ ਦੂਜੇ ਧਰਮਾਂ ਦੇ ਲੋਕਾਂ ਦਾ ਬਾਈਕਾਟ ਕਰਨ ਵਾਲੇ ਵਿਗਿਆਪਨ ਦਿੱਤੇ ਗਏ। 
ਇਨ੍ਹਾਂ ਅਖਬਾਰਾਂ ਦੀ ਸਮੱਗਰੀ 'ਤੇ ਹੁਣ ਤੱਕ ਬ੍ਰਿਟਿਸ਼ ਸਰਕਾਰ ਦੀ ਨਜ਼ਰ ਕਿਉਂ ਨਹੀਂ ਗਈ, ਇਸ 'ਤੇ ਲੰਡਨ ਵਿਚ ਮੌਜੂਦ ਪੱਤਰਕਾਰ ਸਾਜਿਦ ਇਕਬਾਲ ਕਹਿੰਦੇ ਹਨ,''ਇਕ ਤਾਂ ਇਹ ਜ਼ੁਬਾਨ ਦਾ ਮਾਮਲਾ ਹੈ ਕਿਉਂਕਿ ਦੋਵੇਂ ਅਖਬਾਰ ਊਰਦੂ ਵਿਚ ਛੱਪਦੇ ਹਨ। ਦੂਜਾ ਬ੍ਰਿਟੇਨ ਵਿਚ ਪ੍ਰੈੱਸ 'ਤੇ ਨਜ਼ਰ ਰੱਖਣ ਵਾਲੀਆਂ ਦੋ ਇਕਾਈਆਂ-ਇਮਪ੍ਰੈੱਸ ਅਤੇ ਇਪਸੋ ਹਨ।'' ਉਨ੍ਹਾਂ ਮੁਤਾਬਕ,''ਦੋਹਾਂ ਦੀ ਮੈਂਬਰਸ਼ਿਪ ਲੈਣਾ ਆਪਣੀ ਇੱਛਾ 'ਤੇ ਨਿਰਭਰ ਕਰਦਾ ਹੈ। ਇਨ੍ਹਾਂ ਕਾਰਨਾਂ ਕਰ ਕੇ ਇਨ੍ਹਾਂ ਅਖਬਾਰਾਂ ਦੀ ਸਮੱਗਰੀ ਨੂੰ ਹੁਣ ਤੱਕ ਇਸ ਤਰ੍ਹਾਂ ਨਹੀਂ ਦੇਖਿਆ ਗਿਆ।''
ਇਕਬਾਲ ਮੁਤਾਬਕ ਸਿਰਫ ਅਖਬਾਰ ਵਿਚ ਹੀ ਨਹੀਂ ਸਗੋਂ ਟੀ.ਵੀ. ਚੈਨਲਾਂ 'ਤੇ ਵੀ ਵਿਦੇਸ਼ੀ ਭਾਸ਼ਾਵਾਂ ਵਿਚ ਅੱਤਵਾਦ ਨੂੰ ਵਧਾਵਾ ਦੇਣ ਵਾਲੀ ਸਮੱਗਰੀ ਪੇਸ਼ ਕੀਤੀ ਜਾ ਰਹੀ ਹੈ। ਵੱਖ-ਵੱਖ ਕਮਿਊਨਿਟੀ ਸੈਂਟਰ ਅਤੇ ਸਮੂਹਾਂ  ਨੇ ਇਸ ਸਮੱਗਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਇਸ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਮੀਡੀਆ ਦੀ ਆਜ਼ਾਦੀ ਦੇ ਨਾਂ 'ਤੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਇਸ ਸਾਲ ਬ੍ਰਿਟੇਨ ਦੇ ਇਕ ਸੈਟੇਲਾਈਟ ਚੈਨਲ ਨੂਰ ਟੀ. ਵੀ. 'ਤੇ ਜ਼ੁਰਮਾਨਾ ਲਗਾਇਆ ਗਿਆ ਸੀ। ਜਦੋਂ ਚੈਨਲ 'ਤੇ ਇਕ ਭਾਸ਼ਣ ਕਰਤਾ ਨੇ ਬਾਰ-ਬਾਰ ਯਹੂਦੀਆਂ ਵਿਰੁੱਧ ਗੱਲਾਂ ਕਹੀਆਂ ਸਨ। ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਉਹ ਅੱਤਵਾਦ ਤੋਂ ਨਿਪਟਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਦੂਜੇ ਪਾਸੇ ਅਜਿਹੀਆਂ ਸਮੱਗਰੀਆਂ ਮਸਜਿਦਾਂ ਅਤੇ ਕਮਿਊਨਿਟੀ ਇਮਾਰਤਾਂ ਵਿਚ ਆਸਾਨੀ ਨਾਲ ਮਿਲ ਰਹੀਆਂ ਹਨ।


Related News