ਆਸਟ੍ਰੇਲੀਆ ''ਚ ਸੈਂਕੜੇ ਗੁਪਤ ਫਾਈਲਾਂ ਮਿਲੀਆਂ ਕਬਾੜ ਦੀ ਦੁਕਾਨ ''ਚ , ਜਾਂਚ ਦੇ ਆਦੇਸ਼

02/01/2018 10:56:41 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਸੈਂਕੜੇ ਗੁਪਤ ਫਾਈਲਾਂ ਮਿਲਣ ਦੀ ਖਬਰ ਹੈ। ਇਹ ਫਾਈਲਾਂ ਪੁਰਾਣੀ (ਸੈਕੇਂਡ ਹੈਂਡ) ਫਰਨੀਚਰ ਵੇਚਣ ਵਾਲੀ ਇਕ ਦੁਕਾਨ ਦੀ ਅਲਮਾਰੀ ਵਿਚ ਬੰਦ ਪਈਆਂ ਸਨ। ਆਸਟ੍ਰੇਲੀਆ ਦੇ ਇਤਿਹਾਸ ਵਿਚ ਸਰਕਾਰੀ ਫਾਈਲਾਂ ਦੀ ਸੁਰੱਖਿਆ ਵਿਚ ਹੋਈ ਸਭ ਤੋਂ ਵਡੀ ਲਾਪਰਵਾਹੀ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਆਸਟ੍ਰੇਲੀਆ ਸਰਕਾਰ ਨੇ ਇਹ ਪਤਾ ਲਗਾਉਣ ਲਈ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ, ਇਮੀਗਰੇਸ਼ਨ, ਕਲਿਆਣ, ਸੰਚਾਰ ਅਤੇ ਵਿਵਾਦਮਈ ਨਸਲੀ ਭੇਦਭਾਵ ਕਾਨੂੰਨ ਨਾਲ ਜੁੜੀਆਂ ਕੈਬੀਨੇਟ ਦੀਆਂ ਫਾਈਲਾਂ ਕਿਵੇਂ ਕੈਨਬਰਾ ਦੀ ਦੁਕਾਨ ਵਿਚ ਪਹੁੰਚੀਆਂ। ਸਾਰੀਆਂ ਫਾਈਲਾਂ ਮੌਜੂਦਾ ਅਤੇ ਪਿਛਲੀ ਸਰਕਾਰ ਨਾਲ ਜੁੜੀਆਂ ਹਨ। ਇਹ ਸਾਰੇ ਦਸਤਾਵੇਜ਼ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੌਰਪ (ਏ. ਬੀ. ਸੀ.) ਨੂੰ ਮਿਲੇ ਹਨ।
ਏ. ਬੀ. ਸੀ. ਨੇ ਦੱਸਿਆ ਕਿ ਇਕ ਵਿਅਕਤੀ ਨੇ ਦੁਕਾਨ ਤੋਂ ਫਾਈਲ ਰੱਖਣ ਲਈ ਅਲਮਾਰੀ ਖਰੀਦੀ। ਉਸ ਦੁਕਾਨ ਵਿਚ ਪੁਰਾਣਾ ਸਰਕਾਰੀ ਫਰਨੀਚਰ ਸਸਤੇ ਵਿਚ ਵੇਚਿਆ ਜਾਂਦਾ ਹੈ। ਜਦੋਂ ਖਰੀਦਦਾਰ ਨੇ ਅਲਮਾਰੀ ਦਾ ਤਾਲਾ ਤੋੜਿਆ ਤਾਂ ਉਸ ਨੂੰ ਇਹ ਫਾਈਲਾਂ ਮਿਲੀਆਂ। ਉਸ ਨੇ ਇਨ੍ਹਾਂ ਫਾਈਲਾਂ ਨੂੰ ਏ. ਬੀ. ਸੀ. ਨੂੰ ਸੌਂਪ ਦਿੱਤੀਆਂ। ਏ. ਬੀ. ਸੀ. ਨੇ ਇਸ ਹਫਤੇ ਇਸ 'ਤੇ ਵਿਸ਼ੇਸ਼ ਰਿਪੋਰਟ ਪ੍ਰਸਾਰਿਤ ਕੀਤੀ। ਆਮਤੌਰ 'ਤੇ ਆਸਟ੍ਰੇਲੀਆਈ ਕੈਬੀਨੇਟ ਦੇ ਦਸਤਾਵੇਜ਼ 20 ਸਾਲਾਂ ਲਈ ਜਨਤਕ ਹੋਣ ਤੱਕ ਗੁਪਤ ਰੱਖੇ ਜਾਂਦੇ ਹਨ। ਇਸ ਗੱਲ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਫਾਈਲਾਂ ਕਿਸੇ ਵਿਦੇਸ਼ੀ ਏਜੰਟ ਜਾਂ ਸਰਕਾਰ ਦੇ ਹੱਥ ਵੀ ਲੱਗ ਸਕਦੀਆਂ ਸਨ।


Related News