ਸਕਾਟਲੈਂਡੀਏ ਨੇ ਖਾਣਾ ਖਾ ਕੇ ਬਿੱਲ ਨਾ ਦੇਣ ਦੇ ਬਦਲੇ ਲੈ ਲਈ ਕੈਨੇਡਾ ਦੇ ਰੈਸਟੋਰੈਂਟ ਮਾਲਕ ਦੀ ਜਾਨ

Saturday, Jul 11, 2026 - 05:00 AM (IST)

ਸਕਾਟਲੈਂਡੀਏ ਨੇ ਖਾਣਾ ਖਾ ਕੇ ਬਿੱਲ ਨਾ ਦੇਣ ਦੇ ਬਦਲੇ ਲੈ ਲਈ ਕੈਨੇਡਾ ਦੇ ਰੈਸਟੋਰੈਂਟ ਮਾਲਕ ਦੀ ਜਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - 17 ਅਗਸਤ 2023 ਨੂੰ ਓਵਨ ਸਾਊਂਡ ਓਨਟਾਰੀਓ ਦੇ ਕਰੀ ਹਾਊਸ ਵਿਖੇ ਸਕਾਟਲੈਂਡ ਤੋਂ ਤਿੰਨ ਵਿਅਕਤੀ ਖਾਣਾ ਖਾਣ ਜਾਂਦੇ ਹਨ। "ਚੋਰ ਚੋਰੀ ਤੋਂ ਤਾਂ ਟਲ ਜਾਵੇ ਪਰ ਹੇਰਾਫੇਰੀ ਤੋਂ ਨਹੀਂ ਟਲਦਾ" ਕਹਾਵਤ ਨੂੰ ਸੱਚ ਸਾਬਤ ਕਰਦਿਆਂ ਰੌਬਰਟ ਈਵਾਨ ਜੂਨੀਅਰ ਨਾਂ ਦੇ ਨੌਜਵਾਨ ਨੇ ਖਾਧੇ ਹੋਏ ਖਾਣੇ ਦਾ ਬਿੱਲ ਅਦਾ ਨਾ ਕਰਨ ਲਈ ਚਲਾਕੀ ਵਰਤਣੀ ਚਾਹੀ। ਜੂਨੀਅਰ ਦਾ ਪਿਓ ਰੌਬਰਟ ਬਸਬੀ ਈਵਾਨਜ ਤੇ ਉਸ ਦਾ ਅੰਕਲ ਬੈਰੀ ਈਵਾਨਜ ਖਾਣਾ ਖਾ ਕੇ ਪੱਤਰੇ ਵਾਚ ਗਏ। ਈਵਾਨ ਜੂਨੀਅਰ ਸਿਗਰਟ ਪੀਣ ਬਹਾਨੇ ਭੱਜਣ ਦੀ ਤਾਕ ਵਿੱਚ ਸੀ ਤਾਂ ਰੈਸਟੋਰੈਂਟ ਮਾਲਕ ਸ਼ਰੀਫ ਰਹਿਮਾਨ ਨੇ ਬਿੱਲ ਅਦਾ ਕਰਨ ਦੀ ਬੇਨਤੀ ਕੀਤੀ। ਈਵਾਨ ਨੇ ਉਸ ਦੇ ਮੂੰਹ 'ਤੇ ਘਸੁੰਨ ਮਾਰਿਆ ਜਿਸ ਕਾਰਨ ਉਹ ਸਿਰ ਦੇ ਭਾਰ ਜ਼ਮੀਨ 'ਤੇ ਡਿੱਗੇ ਪਏ। 

ਇੱਕ ਹਫਤੇ ਤੱਕ ਹਸਪਤਾਲ 'ਚ ਜਿੰਦਗੀ ਮੌਤ ਦੀ ਲੜਾਈ ਵਿੱਚ ਰਹਿਮਾਨ ਦੀ ਮੌਤ ਹੋ ਗਈ। ਤਿੰਨੇ ਸਕਾਟਲੈਂਡੀਏ ਵਾਪਸ ਸਕਾਟਲੈਂਡ ਆ ਗਏ। ਇਸ ਕਤਲ ਦੀ ਕਾਰਵਾਈ ਵਿੱਚ ਓਨਟਾਰੀਓ ਪਰੋਵਿਨਸਲ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਪੈੜ ਦੱਬਦੇ-ਦੱਬਦੇ ਸਕਾਟਲੈਂਡ ਆ ਪਹੁੰਚੇ। ਈਵਾਨ ਜੂਨੀਅਰ ਅਤੇ ਉਸ ਦੇ ਪਿਉ ਨੂੰ ਐਡਿਨਬਰਾ 'ਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਅੰਕਲ ਨੂੰ ਅਕਤੂਬਰ ਮਹੀਨੇ ਡਲਕੀਥ 'ਚੋਂ ਗ੍ਰਿਫਤਾਰ ਕੀਤਾ ਗਿਆ। ਰੌਬਰਟ ਈਵਾਨ ਜੂਨੀਅਰ ਨੇ ਓਨਟਾਰੀਓ ਕੋਰਟ ਆਫ ਜਸਟਿਸ ਓਵਨ ਸਾਊਂਡ ਵਿਖੇ ਜ਼ੁਰਮ ਦਾ ਇਕਬਾਲ ਕੀਤਾ। ਇੱਕ ਪਰਿਵਾਰ ਦੇ ਉਜਾੜੇ ਬਦਲੇ ਫਿਰ ਵੀ ਸਿਰਫ ਤਿੰਨ ਸਾਲ ਤੋਂ ਵੱਧ ਦੀ ਸਜਾ ਹੀ ਕਾਤਲ ਦੇ ਹਿੱਸੇ ਆਈ। ਉਸਨੇ ਕਿਹਾ ਕਿ "ਇਹ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਸੀ। ਮੇਰਾ ਮਕਸਦ ਉਸਨੂੰ ਮਾਰਨਾ ਨਹੀਂ ਸੀ। ਮੈਨੂੰ ਆਪਣੇ ਕੀਤੇ 'ਤੇ ਅਫ਼ਸੋਸ ਹੈ।" ਹੁਣ ਕੋਈ ਕੁੱਝ ਵੀ ਕਹੇ ਪਰ ਸਕਾਟਲੈਂਡ ਤੋਂ ਓਨਟਾਰੀਓ ਗਈ ਫੁਕਰੇ ਅਤੇ ਲਾਲਚੀਆਂ ਦੀ ਤਿੱਕੜੀ ਨੇ ਇੱਕ ਛੋਟੇ ਜਿਹੇ ਬੱਚੇ ਦੇ ਪਿਓ ਅਤੇ ਇੱਕ ਮਿਹਨਤੀ ਰੈਸਟੋਰੈਂਟ ਮਾਲਕ ਦੀ ਹੱਤਿਆ ਮਹਿਜ ਕੁਝ ਕੁ ਡਾਲਰਾਂ ਦੇ ਬਿੱਲ ਬਦਲੇ ਕਰ ਦਿੱਤੀ।


author

Inder Prajapati

Content Editor

Related News