17 ਗੁਣਾ ਮਹਿੰਗੀ ਬਿਜਲੀ ! ਭਿਆਨਕ ਗਰਮੀ 'ਚ ਮਹਿੰਗਾਈ ਨੇ ਵੀ ਕਢਾਏ ਵੱਟ, ਬ੍ਰਿਟੇਨ 'ਚ ਮਚੀ ਹਾਹਾਕਾਰ

Monday, Jun 29, 2026 - 09:40 AM (IST)

17 ਗੁਣਾ ਮਹਿੰਗੀ ਬਿਜਲੀ ! ਭਿਆਨਕ ਗਰਮੀ 'ਚ ਮਹਿੰਗਾਈ ਨੇ ਵੀ ਕਢਾਏ ਵੱਟ, ਬ੍ਰਿਟੇਨ 'ਚ ਮਚੀ ਹਾਹਾਕਾਰ

ਇੰਟਰਨੈਸ਼ਨਲ ਡੈਸਕ- ਇਸ ਸਮੇਂ ਪੂਰੀ ਦੁਨੀਆ ਭਿਆਨਕ ਗਰਮੀ ਦਾ ਪ੍ਰਕੋਪ ਝੱਲ ਰਹੀ ਹੈ। ਭਾਰਤ ਤੋਂ ਇਲਾਵਾ ਯੂਰਪੀ ਦੇਸ਼ਾਂ 'ਚ ਵੀ ਇਸ ਵਾਰ ਰਿਕਾਰਡਤੋੜ ਤਾਪਮਾਨ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਬ੍ਰਿਟੇਨ 'ਚ ਹਾਲਾਤ ਇੰਨੇ ਗੰਭੀਰ ਹੋ ਗਏ ਕਿ ਦੇਸ਼ ਨੂੰ ਯੂਰਪ ਤੋਂ ਬੇਹੱਦ ਮਹਿੰਗੀਆਂ ਦਰਾਂ ’ਤੇ ਐਮਰਜੈਂਸੀ ਬਿਜਲੀ ਖਰੀਦਣੀ ਪਈ ਹੈ। ਆਲਮ ਇਹ ਕਿ ਬ੍ਰਿਟੇਨ ਨੇ ਆਮ ਕੀਮਤ ਨਾਲੋਂ ਕਰੀਬ 17 ਗੁਣਾ ਵੱਧ ਕੀਮਤ ਦੇ ਕੇ ਬਿਜਲੀ ਦਰਾਮਦ ਕੀਤੀ ਹੈ।

ਇਸ ਫੈਸਲੇ ਨਾਲ ਸਿਰਫ ਇਕ ਸ਼ਾਮ 'ਚ ਹੀ ਖਪਤਕਾਰਾਂ ’ਤੇ ਲਗਭਗ 11 ਮਿਲੀਅਨ ਪੌਂਡ (ਕਰੀਬ 129 ਕਰੋੜ ਰੁਪਏ) ਦਾ ਵਾਧੂ ਬੋਝ ਪੈ ਗਿਆ। ਬ੍ਰਿਟੇਨ 'ਚ ਜੂਨ ਮਹੀਨੇ ਦਾ ਤਾਪਮਾਨ ਰਿਕਾਰਡ 36.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਲਗਾਤਾਰ ਵਧਦੀ ਗਰਮੀ ਕਾਰਨ ਦੁਕਾਨਾਂ, ਦਫ਼ਤਰਾਂ ਅਤੇ ਉਦਯੋਗਾਂ ਵਿਚ ਏਅਰ ਕੰਡੀਸ਼ਨਰਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ, ਜਿਸ ਨਾਲ ਬਿਜਲੀ ਦੀ ਮੰਗ 'ਚ ਵੀ ਅਚਾਨਕ ਬਹੁਤ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।

ਬਿਜਲੀ ਦੀ ਮੰਗ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਿਆ ਸਿਸਟਮ
ਬ੍ਰਿਟੇਨ ਦੇ ਨੈਸ਼ਨਲ ਐਨਰਜੀ ਸਿਸਟਮਸ ਆਪ੍ਰੇਟਰ (ਐੱਨ.ਈ.ਐੱਸ.ਓ.) ’ਤੇ ਹੁਣ ਸਵਾਲ ਉੱਠ ਰਹੇ ਹਨ। ਐੱਨ.ਈ.ਐੱਸ.ਓ. ਉਹੀ ਸਰਕਾਰੀ ਸੰਸਥਾ ਹੈ, ਜੋ ਦੇਸ਼ 'ਚ ਬਿਜਲੀ ਅਤੇ ਗੈਸ ਸਪਲਾਈ ਦਾ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੀ ਹੈ। ਊਰਜਾ ਸਲਾਹਕਾਰ ਕੰਪਨੀ ਮੋਂਟੇਲ ਦੀ ਮਾਹਿਰ ਨੋਏਮੀ ਬੌਡ ਨੇ ਕਿਹਾ ਕਿ ਐੱਨ.ਈ.ਐੱਸ.ਓ. ਗਰਮੀ ਕਾਰਨ ਵਧਣ ਵਾਲੀ ਬਿਜਲੀ ਦੀ ਮੰਗ ਦਾ ਸਹੀ ਅੰਦਾਜ਼ਾ ਲਗਾਉਣ ਵਿਚ ਅਸਫਲ ਰਿਹਾ। ਉਨ੍ਹਾਂ ਮੁਤਾਬਕ ਮੰਗ ਦਾ ਅੰਦਾਜ਼ਾ ਕਰੀਬ 3 ਗੀਗਾਵਾਟ ਤੱਕ ਘੱਟ ਲਗਾਇਆ ਗਿਆ ਸੀ, ਜੋ ਲਗਭਗ ਤਿੰਨ ਪ੍ਰਮਾਣੂ ਊਰਜਾ ਪਲਾਂਟਾਂ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਵਿਚ ਹੁਣ ਵੱਡੀ ਗਿਣਤੀ ਵਿਚ ਦਫ਼ਤਰ, ਦੁਕਾਨਾਂ ਅਤੇ ਉਦਯੋਗਿਕ ਇਕਾਈਆਂ ਏਅਰ ਕੰਡੀਸ਼ਨਿੰਗ ’ਤੇ ਨਿਰਭਰ ਹਨ ਅਤੇ ਹੀਟਵੇਵ ਦੌਰਾਨ ਇਸ ਦਾ ਅਸਰ ਬਿਜਲੀ ਦੀ ਮੰਗ ’ਤੇ ਸਾਫ਼ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ- 18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ

ਬ੍ਰਿਟੇਨ ਨੂੰ ਵਿਸ਼ੇਸ਼ ਇਜਾਜ਼ਤ ਲੈ ਕੇ ਖਰੀਦਣੀ ਪਈ ਬਿਜਲੀ
ਉਦਯੋਗ ਨਾਲ ਜੁੜੇ ਅੰਕੜਿਆਂ ਅਨੁਸਾਰ ਬੁੱਧਵਾਰ ਰਾਤ 8 ਤੋਂ 9 ਵਜੇ ਵਿਚਕਾਰ ਐੱਨ.ਈ.ਐੱਸ.ਓ. ਨੇ ਬਿਜਲੀ ਲਈ 1,379 ਪੌਂਡ ਪ੍ਰਤੀ ਮੈਗਾਵਾਟ ਘੰਟਾ ਤੱਕ ਭੁਗਤਾਨ ਕੀਤਾ। ਆਮ ਹਾਲਤ ਵਿਚ ਬਿਜਲੀ ਦੀ ਕੀਮਤ ਲਗਭਗ 80 ਪੌਂਡ ਪ੍ਰਤੀ ਮੈਗਾਵਾਟ ਘੰਟਾ ਰਹਿੰਦੀ ਹੈ।

ਸਥਿਤੀ ਇੰਨੀ ਖਰਾਬ ਹੋ ਗਈ ਕਿ ਬ੍ਰਿਟੇਨ ਨੂੰ ਨੀਦਰਲੈਂਡ ਸਮੇਤ ਯੂਰਪੀਅਨ ਦੇਸ਼ਾਂ ਤੋਂ ਵਾਧੂ ਬਿਜਲੀ ਖਰੀਦਣੀ ਪਈ। ਕੁੱਲ ਮਿਲਾ ਕੇ ਲਗਭਗ 2.3 ਗੀਗਾਵਾਟ ਵਾਧੂ ਸਮਰੱਥਾ ਐਮਰਜੈਂਸੀ ਅਧਾਰ ’ਤੇ ਲਈ ਗਈ। ਦੱਸਿਆ ਗਿਆ ਕਿ ਯੂਰਪੀਅਨ ਯੂਨੀਅਨ ਪਹਿਲਾਂ ਹੀ ਆਪਣੀਆਂ ਬਿਜਲੀ ਲੋੜਾਂ ਨੂੰ ਲੈ ਕੇ ਚੌਕਸ ਸੀ ਅਤੇ ਉਸ ਨੇ ਬ੍ਰਿਟੇਨ ਨੂੰ ਸੀਮਤ ਮਾਤਰਾ ਵਿਚ ਹੀ ਬਿਜਲੀ ਵੇਚਣ ਦੀ ਇਜਾਜ਼ਤ ਦਿੱਤੀ ਸੀ। ਅਜਿਹੇ ਵਿਚ ਬ੍ਰਿਟੇਨ ਨੂੰ ਵਿਸ਼ੇਸ਼ ਇਜਾਜ਼ਤ ਲੈ ਕੇ ਇਹ ਬਿਜਲੀ ਖਰੀਦਣੀ ਪਈ।

ਬਿਜਲੀ ਸੰਕਟ ਪਿੱਛੇ ਕਈ ਕਾਰਨ
ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਏਅਰ ਕੰਡੀਸ਼ਨਰਾਂ ਦੀ ਵਧਦੀ ਮੰਗ ਹੀ ਸੰਕਟ ਦੀ ਵਜ੍ਹਾ ਨਹੀਂ ਬਣੀ। ਕਈ ਗੈਸ ਆਧਾਰਿਤ ਬਿਜਲੀ ਪਲਾਂਟ ਗਰਮੀਆਂ ਵਿਚ ਰੱਖ-ਰਖਾਅ (ਮੇਨਟੀਨੈਂਸ) ਲਈ ਬੰਦ ਸਨ, ਜਿਸ ਨਾਲ ਘਰੇਲੂ ਉਤਪਾਦਨ ਘਟ ਗਿਆ। ਊਰਜਾ ਵਿਸ਼ਲੇਸ਼ਕ ਫਿੰਟਨ ਡੈਵੇਨੀ ਅਨੁਸਾਰ ਕਈ ਗੈਸ ਪਾਵਰ ਸਟੇਸ਼ਨ ਸਮਰ ਮੇਨਟੀਨੈਂਸ ਕਾਰਨ ਬੰਦ ਪਏ ਸਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵਧਦੀ ਹੀਟਵੇਵ ਨੂੰ ਦੇਖਦੇ ਹੋਏ ਗਰਮੀਆਂ ਵਿਚ ਗੈਸ ਪਲਾਂਟ ਬੰਦ ਕਰਨ ਦੀ ਨੀਤੀ ’ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਨੇਤਨਯਾਹੂ ਦੀਆਂ 'ਜੜ੍ਹਾਂ' 'ਚ ਬੈਠੀ ਜੰਗ ! ਕੁਰਸੀ 'ਤੇ ਮੰਡਰਾਉਣ ਲੱਗਾ ਖ਼ਤਰਾ, 'ਜੇਲ੍ਹ' ਦੀ ਵੀ ਲਟਕੀ ਤਲਵਾਰ

ਇਕੱਲੇ ਫਰਾਂਸ ’ਚ 1,000 ਲੋਕਾਂ ਦੀ ਮੌਤ
ਯੂਰਪ ਇੰਨੀਂ ਦਿਨੀਂ ਰਿਕਾਰਡ ਤੋੜ ਹੀਟਵੇਵ ਦੀ ਲਪੇਟ ਵਿਚ ਹੈ। ਫਰਾਂਸ ਵਿਚ ਭਿਆਨਕ ਗਰਮੀ ਕਾਰਨ ਕਰੀਬ 1,000 ਲੋਕਾਂ ਦੀ ਮੌਤ ਹੋਈ ਹੈ। ਹੈਲਥ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਮੌਤਾਂ 24 ਤੋਂ 27 ਜੂਨ ਵਿਚਕਾਰ ਹੋਈਆਂ। ਹਾਲਾਂਕਿ ਸਰਕਾਰ ਨੇ ਨਾ ਹੀ ਪਿਛਲੀ ਵਾਰ ਅਤੇ ਨਾ ਹੀ ਇਸ ਵਾਰ ਦਾ ਕੋਈ ਸਹੀ ਅੰਕੜਾ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿਚ 85% ਬਜ਼ੁਰਗ ਹਨ। ਸਭ ਤੋਂ ਵੱਧ ਮੌਤਾਂ ਘਰਾਂ ਵਿਚ ਹੋਈਆਂ। ਖਾਸ ਕਰ ਕੇ ਰਾਜਧਾਨੀ ਪੈਰਿਸ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਾਲੇ ਖੇਤਰ ਵਿਚ ਅਜਿਹੇ ਮਾਮਲੇ ਜ਼ਿਆਦਾ ਸਾਹਮਣੇ ਆਏ। ਉਥੇ ਹੀ, ਜਰਮਨੀ, ਸਪੇਨ, ਬ੍ਰਿਟੇਨ, ਡੈਨਮਾਰਕ, ਇਟਲੀ ਅਤੇ ਸਵਿਟਜ਼ਰਲੈਂਡ ਸਮੇਤ 16 ਦੇਸ਼ਾਂ ਵਿਚ ਤਾਪਮਾਨ ਨੇ ਦਹਾਕਿਆਂ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।

ਪ੍ਰਮਾਣੂ ਪਲਾਂਟਾਂ ਨੇ ਵੀ ਵਧਾਈ ਮੁਸ਼ਕਲ
ਬ੍ਰਿਟੇਨ ਦੀ ਪ੍ਰਮਾਣੂ ਊਰਜਾ ਕੰਪਨੀ ਈ.ਡੀ.ਐੱਫ. ਨੇ ਦੱਸਿਆ ਕਿ ਉਸ ਦੇ 10 ਵਿਚੋਂ 4 ਨਿਊਕਲੀਅਰ ਰਿਐਕਟਰ ਬੰਦ ਸਨ। ਇਨ੍ਹਾਂ ਵਿਚੋਂ ਦੋ ਰਿਐਕਟਰ ਨਿਯਮਤ ਮੁਰੰਮਤ ਲਈ ਬੰਦ ਕੀਤੇ ਗਏ ਸਨ, ਜਦੋਂ ਕਿ ਦੋ ਹੋਰ ਤਕਨੀਕੀ ਖਰਾਬੀ ਕਾਰਨ ਕੰਮ ਨਹੀਂ ਕਰ ਰਹੇ ਸਨ। ਇਸ ਦਾ ਅਸਰ ਬਿਜਲੀ ਉਤਪਾਦਨ ’ਤੇ ਪਿਆ ਅਤੇ ਸਿਸਟਮ ’ਤੇ ਦਬਾਅ ਹੋਰ ਵਧ ਗਿਆ। ਊਰਜਾ ਸਲਾਹਕਾਰ ਸੰਸਥਾ ਐੱਲ.ਸੀ.ਪੀ. ਡੈਲਟਾ ਦੀ ਮਾਹਿਰ ਲੀਡੀਆ ਡੇਵਿਸ ਨੇ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਵਿੱਚ ਸੋਲਰ ਪੈਨਲਾਂ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਆਮ ਤੌਰ ’ਤੇ ਲੋਕ ਮੰਨਦੇ ਹਨ ਕਿ ਤੇਜ਼ ਧੁੱਪ ਵਿਚ ਸੋਲਰ ਪੈਨਲ ਜ਼ਿਆਦਾ ਬਿਜਲੀ ਬਣਾਉਣਗੇ ਪਰ ਬਹੁਤ ਜ਼ਿਆਦਾ ਤਾਪਮਾਨ ਵਿਚ ਉਨ੍ਹਾਂ ਦੀ ਕਾਰਜਕੁਸ਼ਲਤਾ ਘਟ ਜਾਂਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News