ਡਰੱਗ ਮਾਮਲੇ ਚ UK 'ਚ ਪੰਜਾਬੀ ਮੂਲ ਦੇ ਜੱਜ ਸਮੇਤ 3 ਲੋਕਾਂ ਨੂੰ ਸਜ਼ਾ
Monday, Jun 29, 2026 - 12:20 PM (IST)
ਇੰਟਰਨੈਸ਼ਨਲ ਡੈਸਕ: ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਪੱਛਮੀ ਇਲਾਕਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਾਲੇ ਇੱਕ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਮੈਟਰੋਪੋਲੀਟਨ ਪੁਲਿਸ ਨੇ ਪਰਦਾਫਾਸ ਕੀਤਾ ਹੈ। ਇਸ ਨੈੱਟਵਰਕ ਦਾ ਸਰਗਨਾ 48 ਸਾਲਾ ਹਰਦੀਪ ਸਿੰਘ ਥਿੰਦ ਉਰਫ਼ ਹੈਰੀ ਸਿੰਘ ਸੀ, ਜੋ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫ਼ੋਨ ਰਾਹੀਂ ਇਸ ਗਿਰੋਹ ਨੂੰ ਨਿਰਦੇਸ਼ ਦੇ ਰਿਹਾ ਸੀ। ਇਸ ਮਾਮਲੇ ਵਿੱਚ ਪੰਜਾਬੀ ਮੂਲ ਦੇ 3 ਵਿਅਕਤੀਆਂ ਸਮੇਤ ਕੁੱਲ ਚਾਰ ਲੋਕਾਂ ਨੂੰ ਅਦਾਲਤ ਵੱਲੋਂ ਸਖ਼ਤ ਸਜ਼ਾਵਾਂ ਸੁਣਾਈਆਂ ਗਈਆਂ ਹਨ।
25 ਜੂਨ 2026 ਨੂੰ ਕਰੌਇਡਨ ਕਰਾਊਨ ਕੋਰਟ ਨੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ। ਪੰਜਾਬੀ ਮੂਲ ਦੇ ਹਰਦੀਪ ਥਿੰਦ ਉਰਫ ਹੈਰੀ ਸਿੰਘ ਨੂੰ 12 ਸਾਲ 6 ਮਹੀਨੇ ਦੀ ਜੇਲ੍ਹ, ਬਿਕਰਮਜੀਤ ਬਰਾੜ ਨੂੰ 3 ਸਾਲ 4 ਮਹੀਨੇ ਦੀ ਜੇਲ੍ਹ ਅਤੇ ਪੁਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਜੇਲ੍ਹ ਸਜ਼ਾ ਸੁਣਾਈ ਗਈ ਹੈ। ਇਕ ਹੋਰ ਚੌਥੇ ਦੋਸ਼ੀ ਐਂਡਰੀਆ ਲਿੰਚ ਨੂੰ 2 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਦੀਪ ਥਿੰਦ ਪਹਿਲਾਂ ਹੀ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ 17 ਸਾਲ ਦੀ ਸਜ਼ਾ ਕੱਟ ਰਿਹਾ ਸੀ। ਸਜ਼ਾ ਦੌਰਾਨ ਹੀ ਉਹ 'ਹਾਦੀ' ਨਾਮ ਦੇ ਡਰੱਗ ਰੈਕੇਟ ਦਾ ਸੰਚਾਲਨ ਕਰ ਰਿਹਾ ਸੀ। ਅਕਤੂਬਰ 2024 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਉਸ ਨੇ ਹੇਜ਼ ਅਤੇ ਸਾਊਥਾਲ ਵਰਗੇ ਇਲਾਕਿਆਂ ਵਿੱਚ ਨਵੇਂ ਡੀਲਰ ਭਰਤੀ ਕਰਕੇ ਆਪਣੇ ਨੈੱਟਵਰਕ ਦਾ ਵਿਸਤਾਰ ਕੀਤਾ। ਉਹ ਆਪਣੇ ਗਿਰੋਹ ਵਿੱਚ 'ਦ ਪਲੱਗ' ਦੇ ਨਾਂ ਨਾਲ ਮਸ਼ਹੂਰ ਸੀ, ਜੋ ਕਿ ਵੱਡੇ ਡਰੱਗ ਸਪਲਾਇਰਾਂ ਲਈ ਵਰਤਿਆ ਜਾਣ ਵਾਲਾ ਇੱਕ ਕੋਡ ਵਰਡ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਨੇ ਛੱਡ'ਤਾ ਅਮਰੀਕਾ! ਹੁਣ ਯੂਰਪ ਵੱਲ ਵਧਿਆ ਰੁਝਾਨ
ਇਸ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਖੁਲਾਸਾ 59 ਸਾਲਾ ਪੁਰਸ਼ੋਤਮ ਢਿੱਲੋਂ ਬਾਰੇ ਹੋਇਆ ਹੈ, ਜੋ ਕਿ ਇੱਕ ਸਾਬਕਾ ਮੈਜਿਸਟਰੇਟ ਹੈ। ਢਿੱਲੋਂ ਨੇ ਆਪਣੇ ਘਰ ਦੇ ਬਾਹਰ ਨਸ਼ਿਆਂ ਨਾਲ ਭਰੀ ਵੈਨ ਖੜ੍ਹੀ ਕਰਨ ਅਤੇ ਘਰ ਦੇ ਅੰਦਰ ਹੀ ਡਰੱਗਜ਼ ਦੀ ਪੈਕਿੰਗ ਅਤੇ ਤੋਲਣ ਦੀ ਇਜਾਜ਼ਤ ਦਿੱਤੀ ਸੀ। ਇੱਕ ਹੋਰ ਦੋਸ਼ੀ ਬਿਕਰਮਜੀਤ ਬਰਾੜ (46) ਨਸ਼ਿਆਂ ਦੇ ਭੰਡਾਰਨ ਅਤੇ ਵੰਡ ਦੀ ਮੁੱਖ ਜ਼ਿੰਮੇਵਾਰੀ ਸੰਭਾਲਦਾ ਸੀ, ਜਦੋਂ ਕਿ ਲਈਐਂਡਰੀਆ ਲਿੰਚ ਸੰਦੇਸ਼ਵਾਹਕ ਵਜੋਂ ਕੰਮ ਕਰਦੀ ਸੀ।
ਮੈਟਰੋਪੋਲੀਟਨ ਪੁਲਿਸ ਨੇ 1 ਜੁਲਾਈ, 2025 ਨੂੰ ਪੱਛਮੀ ਲੰਡਨ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ, ਕੋਕੀਨ, ਨਕਦੀ ਅਤੇ ਹਥਿਆਰ ਬਰਾਮਦ ਕੀਤੇ ਸਨ। ਪੁਲਿਸ ਨੂੰ ਮੌਕੇ ਤੋਂ ਇੱਕ 'ਟਿਕ ਲਿਸਟ' (ਨਸ਼ਿਆਂ ਦੇ ਲੈਣ-ਦੇਣ ਦਾ ਹਿਸਾਬ) ਅਤੇ ਫ਼ੋਨ ਰਿਕਾਰਡਿੰਗਾਂ ਵੀ ਮਿਲੀਆਂ, ਜਿਨ੍ਹਾਂ ਵਿੱਚ ਹਰਦੀਪ ਥਿੰਦ ਨਸ਼ਿਆਂ ਦੀ ਸਪਲਾਈ ਬਾਰੇ ਨਿਰਦੇਸ਼ ਦਿੰਦਾ ਸੁਣਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਗਿਰੋਹ ਨੇ ਪੱਛਮੀ ਲੰਡਨ ਦੇ ਕਈ ਇਲਾਕਿਆਂ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਸੀ, ਅਤੇ ਇਸ ਨੈੱਟਵਰਕ ਦਾ ਖ਼ਤਮ ਹੋਣਾ ਇੱਕ ਵੱਡੀ ਸਫਲਤਾ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
