ਬ੍ਰਿਟੇਨ ''ਚ 14 ਸਾਲ ਜੇਲ੍ਹ ਕੱਟਣ ਵਾਲੇ ਰੋਚਡੇਲ ਗਰੂਮਿੰਗ ਗੈਂਗ ਦੇ ਸਰਗਨੇ ਨੂੰ ਪਾਕਿ ਨੇ ਲੈਣ ਤੋਂ ਕੀਤਾ ਇਨਕਾਰ
Friday, Jul 10, 2026 - 03:14 PM (IST)
ਲੰਡਨ- ਬ੍ਰਿਟੇਨ 'ਚ ਰੋਚਡੇਲ ਗਰੂਮਿੰਗ ਗੈਂਗ ਦੇ ਸਰਗਨੇ ਸ਼ਬੀਰ ਅਹਿਮਦ ਨੂੰ ਪਿਛਲੇ ਹਫ਼ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਸਨੂੰ ਕਈ ਕੁੜੀਆਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 14 ਸਾਲ ਦੀ ਸਜ਼ਾ ਹੋਈ ਸੀ। ਬ੍ਰਿਟੇਨ ਸਰਕਾਰ ਉਸਦੀ ਬ੍ਰਿਟਿਸ਼ ਨਾਗਰਿਕਤਾ ਪਹਿਲਾਂ ਹੀ ਰੱਦ ਕਰ ਚੁੱਕੀ ਹੈ।
ਰਿਪੋਰਟਾਂ ਮੁਤਾਬਕ ਬ੍ਰਿਟੇਨ ਸਰਕਾਰ ਉਸਨੂੰ ਪਾਕਿਸਤਾਨ ਭੇਜਣਾ ਚਾਹੁੰਦੀ ਸੀ, ਪਰ ਪਾਕਿਸਤਾਨ ਨੇ ਉਸਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਨੇ ਇਸਦੇ ਬਦਲੇ ਬ੍ਰਿਟੇਨ 'ਚ ਰਹਿ ਰਹੇ 2 ਸਿਆਸੀ ਵਿਰੋਧੀਆਂ ਦੇ ਹਵਾਲਗੀ ਦੀ ਮੰਗ ਕੀਤੀ ਹੈ। ਸ਼ਬੀਰ ਅਹਿਮਦ ਦੀ ਦੇਸ਼ ਨਿਕਾਲੇ 'ਚ ਰੁਕਾਵਟ ਇਮੀਗ੍ਰੇਸ਼ਨ ਐਕਟ 1971 ਦੇ 55 ਸਾਲ ਪੁਰਾਣੇ ਕਾਨੂੰਨ ਕਾਰਨ ਆਈ ਹੈ। ਇਸ ਕਾਨੂੰਨ ਤਹਿਤ ਜਿਹੜੇ ਲੋਕ 1973 ਤੋਂ ਪਹਿਲਾਂ ਬ੍ਰਿਟੇਨ ਆਏ ਸਨ ਅਤੇ ਘੱਟੋ-ਘੱਟ 5 ਸਾਲ ਰਹੇ ਹਨ, ਉਨ੍ਹਾਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ। ਬ੍ਰਿਟੇਨ ਦੀ ਗ੍ਰਹਿ ਮੰਤਰੀ ਅਗਲੇ ਹਫ਼ਤੇ ਇਸ ਕਾਨੂੰਨ 'ਚ ਸੋਧ ਕਰਨ ਦਾ ਐਲਾਨ ਕਰਨ ਦੀ ਉਮੀਦ ਹੈ। ਇਸ ਖਾਮੀ ਨੂੰ ਬੰਦ ਕਰਨ ਲਈ ਜਲਦਬਾਜ਼ੀ 'ਚ ਕਾਨੂੰਨ ਬਣਾਉਣ ਜਾਂ ਇਮੀਗ੍ਰੇਸ਼ਨ ਅਤੇ ਅਸਾਇਲਮ ਬਿੱਲ 'ਚ ਸੋਧ ਕਰਨ 'ਤੇ ਵਿਚਾਰ ਚੱਲ ਰਿਹਾ ਹੈ।
ਇਸ ਦੌਰਾਨ ਗਰੂਮਿੰਗ ਗੈਂਗ ਦੀਆਂ ਪੀੜਤਾਂ 'ਚ ਡਰ ਦਾ ਮਾਹੌਲ ਹੈ। "ਰੂਬੀ" ਨਾਂ ਦੀ ਇੱਕ ਪੀੜਤਾ ਨੇ ਕਿਹਾ ਕਿ ਸ਼ਬੀਰ ਅਹਿਮਦ ਦੇ ਰਿਹਾਅ ਹੋਣ ਤੋਂ ਬਾਅਦ ਉਸਨੂੰ ਅਤੇ ਉਸਦੇ ਬੱਚਿਆਂ ਦੀ ਸੁਰੱਖਿਆ ਦਾ ਖ਼ਤਰਾ ਹੈ। ਪੀੜਤਾਂ ਨੇ ਮੰਗ ਕੀਤੀ ਹੈ ਕਿ ਗਰੂਮਿੰਗ ਗੈਂਗ ਦੇ ਮੈਂਬਰਾਂ ਨੂੰ ਤੁਰੰਤ ਦੇਸ਼ ਨਿਕਾਲਾ ਦੇਣ ਲਈ ਕਾਨੂੰਨ 'ਚ ਬਦਲਾਅ ਕੀਤਾ ਜਾਵੇ।
