ਯੂਕ੍ਰੇਨ ਦੇ ਅਨਾਥ ਬੱਚਿਆਂ ਨੂੰ ਹਿੱਕ ਨਾਲ ਲਾਉਣ ਲਈ ਸਕਾਟਲੈਂਡ ਤਿਆਰ, ਇਸ ਹਫ਼ਤੇ ਪਹੁੰਚਣਗੇ 50 ਬੱਚੇ

03/21/2022 4:01:14 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਰੂਸ ਵੱਲੋਂ ਯੂਕ੍ਰੇਨ ਉੱਪਰ ਹਮਲਾ ਕਰਕੇ ਵੱਡੀ ਗਿਣਤੀ ’ਚ ਬੱਚਿਆਂ ਨੂੰ ਅਨਾਥ ਬਣਾ ਦਿੱਤਾ ਗਿਆ ਹੈ। ਸਕਾਟਲੈਂਡ ਵੱਲੋਂ ਸੰਕਟ ਦੀ ਇਸ ਘੜੀ ’ਚ ਯੂਕ੍ਰੇਨੀ ਲੋਕਾਂ ਨੂੰ ਪਨਾਹ ਦੇਣ ਦੀ ਹਾਮੀ ਭਰੀ ਗਈ ਹੈ। ਜਿਸ ਤਹਿਤ ਤਕਰੀਬਨ 50 ਯੂਕ੍ਰੇਨੀ ਅਨਾਥ ਬੱਚਿਆਂ ਦਾ ਸਵਾਗਤ ਇਸ ਹਫ਼ਤੇ ਸਕਾਟਲੈਂਡ ’ਚ ਕੀਤਾ ਜਾਵੇਗਾ। ਹਿਬਸ ਫੁੱਟਬਾਲ ਪ੍ਰਸ਼ੰਸਕ ਚੈਰਿਟੀ ਵੱਲੋਂ ਡਨੀਪਰੋ ਤੋਂ ਕੱਢੇ ਗਏ ਯੂਕ੍ਰੇਨੀ ਅਨਾਥ ਬੱਚੇ ਸੋਮਵਾਰ ਨੂੰ ਲੰਡਨ ਪਹੁੰਚਣ ਲਈ ਤਿਆਰ ਹਨ। ਲੱਗਭਗ 50 ਨੌਜਵਾਨ, ਜਿਨ੍ਹਾਂ ਦੀ ਉਮਰ 2 ਤੋਂ 19 ਸਾਲ ਤੱਕ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਲੰਡਨ ਲਿਜਾਇਆ ਜਾ ਰਿਹਾ ਹੈ, ਜਿੱਥੇ ਉਹ ਬੁੱਧਵਾਰ ਨੂੰ ਸਕਾਟਲੈਂਡ ਦੀ ਯਾਤਰਾ ਤੋਂ ਪਹਿਲਾਂ ਇਕ ਦਿਨ ਸੈਰ-ਸਪਾਟਾ ਕਰਨਗੇ। ਇਸ ਬਚਾਅ ਮਿਸ਼ਨ ਦਾ ਆਯੋਜਨ ਡਨੀਪਰੋ ਕਿਡਜ਼ ਵੱਲੋਂ ਕੀਤਾ ਗਿਆ ਹੈ, ਜੋ 17 ਸਾਲ ਪਹਿਲਾਂ ਯੂਕ੍ਰੇਨ ’ਚ ਹਿਬਸ ਯੂਰਪੀਅਨ ਮੈਚ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ।

ਯੂਕ੍ਰੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਡਨੀਪਰੋ 24 ਫਰਵਰੀ ਤੋਂ ਸ਼ੁਰੂ ਹੋਏ ਹਮਲੇ ਤੋਂ ਬਾਅਦ ਤੀਬਰ ਰੂਸੀ ਗੋਲਾਬਾਰੀ ਦਾ ਸ਼ਿਕਾਰ ਹੈ। ਨਿਪਰੋ ਕਿਡਜ਼ ਦੇ ਚੇਅਰਮੈਨ ਸਟੀਵਨ ਕੈਰ ਅਨੁਸਾਰ ਉਹ ਬੱਚਿਆਂ ਨੂੰ ਯੂ. ਕੇ. ਤੱਕ ਪਹੁੰਚਾਉਣ ਲਈ ਰਾਹਤ ਮਹਿਸੂਸ ਕਰ ਰਹੇ ਹਨ। ਇਨ੍ਹਾਂ ਅਨਾਥ ਬੱਚਿਆਂ ਨੂੰ ਸ਼ੁਰੂ ’ਚ ਸਰਹੱਦ ਪਾਰ ਕਰਕੇ ਪੋਲੈਂਡ ’ਚ ਜਾਣ ਤੋਂ ਪਹਿਲਾਂ ਪੱਛਮੀ ਯੂਕ੍ਰੇਨ ’ਚ ਲਵੀਵ ਲਿਜਾਇਆ ਗਿਆ ਸੀ, ਜਿੱਥੇ ਉਹ ਜ਼ਨਿਨ ’ਚ ਰਹੇ ਹਨ। ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਕਿ ਪਿਛਲੇ ਹਫ਼ਤੇ ਬੱਚਿਆਂ ਨੂੰ ਯੂ. ਕੇ. ਜਾਣ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ।
 


Manoj

Content Editor

Related News