ਸਕਾਟਲੈਂਡ ''ਚ ਲੱਗੇਗੀ ਤਿੰਨ ਹਫ਼ਤਿਆਂ ਲਈ ਟੀਅਰ-4 ਤਾਲਾਬੰਦੀ
Wednesday, Nov 18, 2020 - 04:41 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਿਸ਼ ਲੋਕਾਂ ਨੂੰ ਵਾਇਰਸ ਦੇ ਵੱਧ ਰਹੇ ਪ੍ਰਭਾਵ ਤੋਂ ਬਚਾਉਣ ਅਤੇ ਇਸ ਦੀ ਲਾਗ ਨੂੰ ਘੱਟ ਕਰਨ ਲਈ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਪੁਸ਼ਟੀ ਕੀਤੀ ਹੈ ਕਿ ਸਕਾਟਲੈਂਡ ਵਿਚ ਤਿੰਨ ਹਫ਼ਤਿਆਂ ਲਈ ਟੀਅਰ 4 ਤਾਲਾਬੰਦੀ ਨੂੰ ਲਾਗੂ ਕੀਤਾ ਜਾਵੇਗਾ।
ਮੰਤਰੀ ਨੇ ਕੱਲ੍ਹ ਖੁਲਾਸਾ ਕੀਤਾ ਕਿ ਖੇਤਰ ਦੀਆਂ 11 ਕੌਂਸਲਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਇੱਕ "ਸਖਤ ਸੀਮਤ ਸਮਾਂ ਸੀਮਾ" ਲਈ ਲੈਵਲ ਤਿੰਨ ਤੋਂ ਲੈਵਲ ਚਾਰ ਵਿੱਚ ਚਲੀਆਂ ਜਾਣਗੀਆਂ। ਇਹ ਤਾਲਾਬੰਦੀ ਗਲਾਸਗੋ, ਰੇਨਫ੍ਰੈਸ਼ਾਇਰ, ਈਸਟ ਰੇਨਫ੍ਰੈਸ਼ਾਇਰ, ਈਸਟ ਡਨਬਰਟਨਸ਼ਾਇਰ, ਵੈਸਟ ਡਨਬਰਟਨਸ਼ਾਇਰ, ਨਾਰਥ ਲੈਨਰਾਕਸ਼ਾਇਰ, ਸਾਊਥ ਲੈਂਕਰਸ਼ਾਇਰ, ਈਸਟ ਅਰਸ਼ਾਇਰ, ਸਾਊਥ ਅਰਸ਼ਾਇਰ, ਸਟਰਲਿੰਗ ਅਤੇ ਵੈਸਟ ਲੋਥਿਅਨ ਆਦਿ ਖੇਤਰਾਂ ਦੇ ਲਗਭਗ 2.3 ਮਿਲੀਅਨ ਵਾਸੀਆਂ ਨੂੰ 11 ਦਸੰਬਰ ਤੱਕ ਪ੍ਰਭਾਵਿਤ ਕਰੇਗੀ।
ਇਨ੍ਹਾਂ ਸਾਰੇ ਖੇਤਰਾਂ ਵਿਚ ਤਾਲਾਬੰਦੀ ਦੌਰਾਨ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬੰਦ ਹੋਣਗੀਆਂ। ਇਸ ਦੇ ਨਾਲ ਹੀ ਜਿੰਮ ਅਤੇ ਸਲੂਨ ਆਦਿ ਨੂੰ ਵੀ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਆਦਾ ਕੋਵਿਡ ਮਾਮਲੇ ਲਿਆਉਣ ਲਈ ਬਾਰ ਅਤੇ ਰੈਸਟੋਰੈਂਟ ਵੀ ਬੰਦ ਕੀਤੇ ਜਾਣਗੇ ਜਦਕਿ ਇਸ ਦੌਰਾਨ ਸਕੂਲ ਖੁੱਲ੍ਹੇ ਰਹਿਣਗੇ। ਸਰਕਾਰ ਵੱਲੋਂ ਇਹ ਫੈਸਲਾ ਵੱਧ ਹੋ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ ਕਿਉਂਕਿ ਹੋਰ 39 ਸਕਾਟਿਸ਼ ਵਾਸੀਆਂ ਦੀ ਰਾਤੋ-ਰਾਤ ਮੌਤ ਹੋ ਗਈ ਸੀ, ਜਿਸ ਨਾਲ, ਸਕਾਟਲੈਂਡ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3,323 ਹੋ ਗਈ ਹੈ।