ਲੋਕ ਖਰੀਦਦਾਰੀ ਲਈ ਐਡਿਨਬਰਾ ਜਾਣ ਤੋਂ ਕਰਨ ਗੁਰੇਜ਼ :ਨਿਕੋਲਾ ਸਟਰਜਨ

11/21/2020 4:38:43 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਗਲਾਸਗੋ ਸਹਿਤ ਕਈ ਖੇਤਰਾਂ ਵਿੱਚ ਟੀਅਰ 4 ਪੱਧਰ ਦਾ ਲਾਕਡਾਊਨ ਲਾਗੂ ਹੋਣ ਤੇ ਨਿਕੋਲਾ ਸਟਰਜਨ ਨੇ ਇਹਨਾਂ ਖੇਤਰਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕ੍ਰਿਸਮਸ ਅਤੇ ਹੋਰ ਖਰੀਦਦਾਰੀ ਲਈ ਐਡਿਨਬਰਾ ਦੀ ਯਾਤਰਾ ਤੋਂ ਪਰਹੇਜ਼ ਕਰਨ ਕਿਉਂਕਿ ਖੇਤਰੀ ਰਾਜਧਾਨੀ ਪਾਬੰਦੀਆਂ ਵਿਚ ਤਬਦੀਲ ਕੀਤੇ ਗਏ 11 ਕੌਂਸਲ ਖੇਤਰਾਂ ਵਿਚੋਂ ਇੱਕ ਨਹੀਂ ਹੈ। ਜਿਸਦਾ ਮਤਲਬ ਕਿ ਗੈਰ-ਜ਼ਰੂਰੀ ਦੁਕਾਨਾਂ ਹੋਰ ਖੇਤਰਾਂ ਵਿੱਚ ਤਾਂ ਬੰਦ ਕਰ ਦਿੱਤੀਆਂ ਜਾਣਗੀਆਂ, ਪਰ ਐਡਿਨਬਰਾ ਦੇ ਖਰੀਦਦਾਰੀ ਸਥਾਨ ਆਮ ਵਾਂਗ ਖੁੱਲ੍ਹੇ ਹੋਣਗੇ।

ਇਸ ਤਹਿਤ ਇੱਕ ਪਾਬੰਦੀ ਕਾਨੂੰਨ ਵਿੱਚ ਵੀ ਆਵੇਗੀ ਜੋ ਪੱਧਰ 3 ਅਤੇ ਪੱਧਰ 4 ਦੇ ਲੋਕਾਂ ਨੂੰ ਆਪਣੀ ਕੌਂਸਲ ਦੀਆਂ ਹੱਦਾਂ ਤੋਂ ਬਾਹਰ ਯਾਤਰਾ ਕਰਨ ਅਤੇ ਸਾਰੇ ਸਕਾਟਿਸ਼ ਲੋਕਾਂ ਨੂੰ ਯੂਕੇ ਜਾਂ ਆਇਰਲੈਂਡ ਦੇ ਹੋਰ ਹਿੱਸਿਆਂ ਵਿੱਚ ਦਾਖਲ ਹੋਣ ਤੋਂ ਰੋਕੇਗੀ। ਸਟਰਜਨ ਅਨੁਸਾਰ ਇਹਨਾਂ ਨਿਯਮਾਂ ਤਹਿਤ ਤਾਲਾਬੰਦ ਖੇਤਰਾਂ ਵਿੱਚ ਜ਼ਰੂਰੀ ਦੁਕਾਨਾਂ ਖੁੱਲੀਆਂ ਰਹਿਣਗੀਆਂ ਇਸ ਲਈ ਤੁਹਾਨੂੰ ਭੋਜਨ ਸਪਲਾਈ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਪ੍ਰਾਪਤ ਕਰਨ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਜੇ ਹੋ ਸਕੇ ਤਾਂ ਅਗਲੇ ਤਿੰਨ ਹਫ਼ਤਿਆਂ ਵਿੱਚ ਆਨਲਾਈਨ ਖਰੀਦਦਾਰੀ ਕਰੋ, ਪਰ ਖਰੀਦਦਾਰੀ ਕਰਨ ਲਈ ਐਡਿਨਬਰਾ ਦੀ ਯਾਤਰਾ ਨਾਂ ਕਰੋ, ਅਜਿਹਾ ਕਰਨ ਨਾਲ ਕਾਨੂੰਨ ਨੂੰ ਤੋੜਨ ਦੇ ਨਾਲ ਗਲਾਸਗੋ ਜਾਂ ਕਿਸੇ ਹੋਰ ਖੇਤਰ ਤੋਂ ਐਡਿਨਬਰਾ ਵਿੱਚ ਵਾਇਰਸ ਦਾ ਪ੍ਰਸਾਰ ਹੋ ਸਕਦਾ ਹੈ।

ਪਹਿਲੀ ਮੰਤਰੀ ਅਨੁਸਾਰ ਉੱਚ ਸੰਕਰਮਣ ਵਾਲੇ ਖੇਤਰਾਂ ਵਿੱਚੋਂ ਬਾਹਰ ਨਾ ਜਾਕੇ ਅਤੇ ਨਿਯਮਾਂ ਦੀ ਪਾਲਣਾ ਕਰਕੇ ਜਿੱਥੇ ਵਾਇਰਸ ਨੂੰ ਘੱਟ ਕੀਤਾ ਜਾ ਸਕਦਾ ਹੈ, ਉੱਥੇ ਦੇਸ਼ ਭਰ ਵਿੱਚ ਇੱਕ ਹੋਰ ਤਾਲਾਬੰਦੀ ਤੋਂ ਬਚਿਆ ਵੀ ਜਾ ਸਕਦਾ ਹੈ।ਇਸਦੇ ਨਾਲ ਹੀ ਨਿਕੋਲਾ ਸਟਰਜਨ ਨੇ ਪਿਛਲੇ 24 ਘੰਟਿਆਂ ਦੌਰਾਨ 1,018 ਹੋਰ  ਕੇਸ ਦਰਜ ਹੋਣ ਦੀ ਪੁਸ਼ਟੀ ਵੀ ਕੀਤੀ ਹੈ।


Lalita Mam

Content Editor

Related News