ਸਕਾਟਲੈਂਡ: ਵਿਦੇਸ਼ ਤੋਂ ਆ ਰਹੇ ਹਰ ਯਾਤਰੀ ਲਈ ਅੱਜ ਤੋਂ ਲਾਗੂ ਹੋਵੇਗਾ ਹੋਟਲ ਇਕਾਂਤਵਾਸ

Monday, Feb 15, 2021 - 02:13 PM (IST)

ਸਕਾਟਲੈਂਡ: ਵਿਦੇਸ਼ ਤੋਂ ਆ ਰਹੇ ਹਰ ਯਾਤਰੀ ਲਈ ਅੱਜ ਤੋਂ ਲਾਗੂ ਹੋਵੇਗਾ ਹੋਟਲ ਇਕਾਂਤਵਾਸ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਲਾਗ ਨੂੰ ਰੋਕਣ ਦੇ ਮੰਤਵ ਨਾਲ ਕੌਮਾਂਤਰੀ ਯਾਤਰਾ ਸੰਬੰਧੀ ਹੋਟਲ ਇਕਾਂਤਵਾਸ ਦੇ ਨਿਯਮ ਅੱਜ ਤੋਂ ਲਾਗੂ ਹੋ ਰਹੇ ਹਨ। ਇਹਨਾਂ ਸਖ਼ਤ ਨਵੇਂ ਕੋਰੋਨਾ ਵਾਇਰਸ ਨਿਯਮਾਂ ਤਹਿਤ ਵਿਦੇਸ਼ਾਂ ਤੋਂ ਸਕਾਟਲੈਂਡ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਜ ਤੋਂ ਭਾਵ 15 ਫਰਵਰੀ ਤੋਂ ਹੀ ਹੋਟਲਾਂ ਵਿੱਚ ਦਾਖਲ ਹੋਣਾ ਜਰੂਰੀ ਹੈ। 

ਇਸ ਪ੍ਰਕਿਰਿਆ ਲਈ ਦੇਸ਼ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਨਿਰਧਾਰਿਤ ਕੀਤੇ ਗਏ ਛੇ ਹੋਟਲਾਂ ਵਿੱਚੋਂ ਇੱਕ ਹੋਟਲ 'ਚ ਇਕਾਂਤਵਾਸ ਦੀ ਬੁਕਿੰਗ ਕਰਨ ਲਈ 1,750 ਪੌਂਡ ਦਾ ਭੁਗਤਾਨ ਕਰਨਾ ਪਵੇਗਾ, ਜਿਸ ਨਾਲ ਯਾਤਰੀਆਂ ਨੂੰ ਹੋਟਲ ਦੇ ਅੰਦਰ ਦਸ ਦਿਨਾਂ ਦੇ ਇਕਾਂਤਵਾਸ ਦੌਰਾਨ ਸਟਾਫ ਦੁਆਰਾ ਖਾਣ ਅਤੇ ਪੀਣ ਵਾਲੇ ਪਦਾਰਥ ਮੁਹੱਈਆ ਕਰਵਾਏ ਜਾਣਗੇ।ਇਸ ਦੇ ਇਲਾਵਾ ਸਾਰੇ ਆਉਣ ਵਾਲੇ ਲੋਕਾਂ ਨੂੰ ਹੋਟਲ ਦੇ ਅੰਦਰ ਇਕਾਂਤਵਾਸ ਦੌਰਾਨ ਦੂਜੇ ਅਤੇ ਅੱਠਵੇ ਦਿਨ ਕੋਰੋਨਾ ਵਾਇਰਸ ਦੇ ਦੋ ਟੈਸਟ ਕਰਵਾਉਣੇ ਵੀ ਜ਼ਰੂਰੀ ਹਨ। 

ਪੜ੍ਹੋ ਇਹ ਅਹਿਮ ਖਬਰ- ਪ੍ਰਿੰਸ ਹੈਰੀ ਅਤੇ ਮੇਗਨ ਦੂਜੀ ਵਾਰ ਬਣਨਗੇ ਮਾਤਾ-ਪਿਤਾ, ਵੈਲੇਂਟਾਈਨ ਡੇਅ ਮੌਕੇ ਦਿੱਤੀ ਖ਼ੁਸ਼ਖ਼ਬਰੀ

ਸਕਾਟਲੈਂਡ ਸਰਕਾਰ ਅਨੁਸਾਰ ਇਹ ਨਵੇਂ ਨਿਯਮ ਬ੍ਰਿਟਿਸ਼ ਨਾਗਰਿਕਾਂ ਸਮੇਤ, ਸਾਰੇ ਅੰਤਰਰਾਸ਼ਟਰੀ ਯਾਤਰੀਆਂ 'ਤੇ ਲਾਗੂ ਹੋਣਗੇ ਜਦਕਿ ਕੁਝ ਖੇਡਾਂ ਨਾਲ ਸੰਬੰਧਿਤ ਵਿਅਕਤੀ ਇਹਨਾਂ ਨਿਯਮਾਂ ਤੋਂ ਛੋਟ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਿਲ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਮੰਗਲਵਾਰ ਨੂੰ ਇਹਨਾਂ ਉਪਾਅ ਸੰਬੰਧੀ ਤੇ ਸਮੀਖਿਆ ਕਰਨ ਦੀ ਉਮੀਦ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਐਤਵਾਰ ਨੂੰ  900 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਐਨ.ਐਚ.ਐਸ. ਸਕਾਟਲੈਂਡ ਨੇ ਹੁਣ ਤੱਕ 1.2 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਹੈ।

ਨੋਟ- ਸਕਾਟਲੈਂਡ: ਵਿਦੇਸ਼ ਤੋਂ ਆ ਰਹੇ ਹਰ ਯਾਤਰੀ ਲਈ ਅੱਜ ਤੋਂ ਲਾਗੂ ਹੋਵੇਗਾ ਹੋਟਲ ਇਕਾਂਤਵਾਸ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News