ਸਕਾਟਲੈਂਡ: ਸਿਹਤ ਕਾਮਿਆਂ ਨੂੰ 6 ਮਹੀਨੇ ''ਚ ਝੱਲਣੇ ਪਏ 7000 ਸਰੀਰਕ ਹਮਲੇ

Tuesday, Dec 28, 2021 - 06:02 PM (IST)

ਸਕਾਟਲੈਂਡ: ਸਿਹਤ ਕਾਮਿਆਂ ਨੂੰ 6 ਮਹੀਨੇ ''ਚ ਝੱਲਣੇ ਪਏ 7000 ਸਰੀਰਕ ਹਮਲੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਿਹਤ ਕਾਮਿਆਂ ਨਾਲ ਆਮ ਨਾਗਰਿਕਾਂ ਵੱਲੋਂ ਦੁਰਵਿਵਹਾਰ ਸ਼ਰਾਬ ਅਤੇ ਹਿੰਸਾ ਦੀ ਸਾਂਝੇਦਾਰੀ ਵਜੋਂ ਦੇਖਿਆ ਜਾ ਰਿਹਾ ਹੈ। ਘਰੇਲੂ ਹਿੰਸਾ, ਪੁਲਸ 'ਤੇ ਹਮਲੇ, ਆਪਣੇ ਹੀ ਚੁਣੇ ਹੋਏ ਸਿਆਸਤਦਾਨਾਂ ਨੂੰ ਧਮਕੀਆਂ ਕਾਰਨ ਹਾਲਾਤ ਦਿਨ ਬ ਦਿਨ ਗੁੰਝਲਦਾਰ ਬਣਦੇ ਜਾ ਰਹੇ ਹਨ। ਕੋਵਿਡ ਦੇ ਦੌਰ ਵਿੱਚ ਫਰੰਟਲਾਈਨ ਕਾਮਿਆਂ ਵੱਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਆਪਣੀ ਨੌਕਰੀ ਕੀਤੀ ਗਈ। ਇਸ ਦੌਰਾਨ ਬਹੁਤ ਸਾਰੇ ਕਰਮਚਾਰੀਆਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ। 

ਪਰ ਸ਼ਰਮ ਦੀ ਗੱਲ ਇਹ ਹੈ ਕਿ ਪੈਰਾ ਮੈਡਿਕਸ, ਡਰਾਈਵਰ, ਨਰਸਾਂ, ਡਾਕਟਰ ਫਿਰ ਵੀ ਲੋਕਾਂ ਦੇ ਦੁਰਵਿਵਹਾਰ ਦੇ ਸ਼ਿਕਾਰ ਹੁੰਦੇ ਰਹੇ। ਇਸ ਸਬੰਧੀ ਅੰਕੜੇ ਹੈਰਾਨੀਜਨਕ ਵੀ ਹਨ ਤੇ ਸ਼ਰਮਿੰਦਗੀ ਭਰੇ ਵੀ ਕਿ ਐੱਨ ਐੱਚ ਐੱਸ ਸਟਾਫ ਨੂੰ ਲਗਭਗ 7000 ਸਰੀਰਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਐਂਬੂਲੈਂਸ, ਐਕਸੀਡੈਂਟ ਐਂਡ ਐਮਰਜੈਂਸੀ ਸਟਾਫ ਅਕਸਰ ਹੀ ਪਹਿਲ ਦੇ ਆਧਾਰ 'ਤੇ ਅਜਿਹੇ ਸ਼ਰਮਨਾਕ ਕਾਰਿਆਂ ਦਾ ਸ਼ਿਕਾਰ ਹੁੰਦਾ ਹੈ। ਪਿਛਲੇ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਐੱਨ ਐੱਚ ਐੱਸ ਲੋਥੀਅਨ ਦੇ ਸਟਾਫ ਨੂੰ 1000 ਤੋਂ ਵੱਧ, ਗਰੇਟਰ ਗਲਾਸਗੋ ਤੇ ਕਲਾਈਡ ਦੇ ਸਟਾਫ ਨੂੰ 2500 ਤੋਂ ਵੱਧ ਸਰੀਰਕ ਹਮਲੇ ਝੱਲਣੇ ਪਏ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਵੀਜ਼ਾ ਮਿਆਦ ਖ਼ਤਮ ਹੋਏ ਬੇਵੱਸ ਭਾਰਤੀਆਂ ਨੇ ਰਾਜਦੂਤ ਨੀਨਾ ਮਲਹੋਤਰਾ ਨੂੰ ਲਾਈ ਮਦਦ ਦੀ ਗੁਹਾਰ

ਇਹ ਅੰਕੜੇ ਉਦੋਂ ਨਸਰ ਹੋਏ ਹਨ ਜਦੋਂ ਕ੍ਰਿਸਮਸ ਪਾਰਟੀਆਂ ਦਾ ਦੌਰ ਖ਼ਤਮ ਹੋਣ ਉਪਰੰਤ ਕੋਰੋਨਾ ਕੇਸਾਂ ਵਿੱਚ ਵੀ ਅਥਾਹ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਸਕਾਟਲੈਂਡ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਤਾਜਾ ਅੰਕੜਿਆਂ ਅਨੁਸਾਰ ਕ੍ਰਿਸਮਸ ਵਾਲੇ ਦਿਨ ਲਗਭਗ 9000 ਨਵੇਂ ਕੇਸ ਸਾਹਮਣੇ ਆਏ ਹਨ। ਬੌਕਸਿੰਗ ਡੇਅ ਵਾਲੇ ਦਿਨ ਇਹ ਗਿਣਤੀ 11030 'ਤੇ ਪਹੁੰਚ ਗਈ ਸੀ ਜਦਕਿ ਕੱਲ੍ਹ 10562 ਸੀ। ਅਜਿਹੇ ਦੌਰ ਵਿੱਚ ਵੀ ਜੇਕਰ ਅਸੀਂ ਆਪਣੇ ਇਰਦ ਗਿਰਦ ਸਾਡੀ ਜਾਨ ਸਲਾਮਤੀ ਲਈ ਕੰਮ ਕਰਦੇ ਸਿਹਤ ਕਾਮਿਆਂ ਲਈ ਸਤਿਕਾਰ ਭਰਿਆ ਰਵੱਈਆ ਨਹੀਂ ਰੱਖਦੇ ਤਾਂ ਅਸੀਂ ਇਨਸਾਨ ਅਖਵਾਉਣ ਦੇ ਵੀ ਹੱਕਦਾਰ ਨਹੀਂ।


author

Vandana

Content Editor

Related News