ਸਕਾਟਲੈਂਡ : ਫੁੱਟਬਾਲ ਮੈਚਾਂ ''ਚ ਵੀ ਇਉਂ ਫੈਲਦਾ ਰਿਹਾ ਕੋਰੋਨਾ ਵਾਇਰਸ

Thursday, Jul 01, 2021 - 12:44 PM (IST)

ਸਕਾਟਲੈਂਡ : ਫੁੱਟਬਾਲ ਮੈਚਾਂ ''ਚ ਵੀ ਇਉਂ ਫੈਲਦਾ ਰਿਹਾ ਕੋਰੋਨਾ ਵਾਇਰਸ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਵਿੱਚ ਹੋ ਰਹੇ ਯੂਰੋ ਫੁੱਟਬਾਲ ਦੇ ਮੈਚਾਂ ਕਰਕੇ ਸਕਾਟਲੈਂਡ ਵਿੱਚ ਸੈਂਕੜੇ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਬਲਿਕ ਹੈਲਥ ਸਕਾਟਲੈਂਡ (ਪੀ. ਐੱਚ. ਐੱਸ.) ਦੇ ਅੰਕੜਿਆਂ ਅਨੁਸਾਰ ਲੱਗਭਗ 2000 ਸਕਾਟਿਸ਼ ਕੋਵਿਡ ਕੇਸਾਂ ਨੂੰ ਯੂਰੋ 2020 ਦੇ ਮੈਚ ਵੇਖ ਰਹੇ ਫੁੱਟਬਾਲ ਪ੍ਰਸ਼ੰਸਕਾਂ ਨਾਲ ਜੋੜਿਆ ਗਿਆ ਹੈ। ਨਵੇਂ ਅੰਕੜੇ ਦਰਸਾਉਂਦੇ ਹਨ ਕਿ 1991 ਦੇ ਕਰੀਬ ਸਕਾਟਲੈਂਡ ਦੇ ਲੋਕ ਜਿਨ੍ਹਾਂ ਦੀ ਲੈਬਾਰਟਰੀ ਦੁਆਰਾ ਕੋਵਿਡ ਹੋਣ ਦੀ ਪੁਸ਼ਟੀ ਕੀਤੀ ਗਈ ਹੈ, 11 ਤੋਂ 28 ਜੂਨ ਦੇ ਵਿਚਕਾਰ ਹੁੰਦੇ ਮੈਚਾਂ ਦੇ ਦੌਰਾਨ ਇਕੱਠਾਂ ਵਿੱਚ ਸ਼ਾਮਲ ਅਤੇ ਟ੍ਰਾਂਸਮਿਸ਼ਨ ਪੀਰੀਅਡ ਵਿੱਚ ਸਨ।

ਤਕਰੀਬਨ ਦੋ-ਤਿਹਾਈ ਯੂਰੋ-ਟੈਗ ਕੇਸ ਜਾਂ 1294 ਵਿਅਕਤੀਆਂ ਨੇ ਸਕਾਟਲੈਂਡ ਦੀ ਇੰਗਲੈਂਡ ਨਾਲ ਮੈਚ ਦੌਰਾਨ ਲੰਡਨ ਦੀ ਯਾਤਰਾ ਕੀਤੀ ਸੀ। ਇਨ੍ਹਾਂ ਵਿੱਚ 397 ਅਜਿਹੇ ਪ੍ਰਸ਼ੰਸਕ ਵੀ ਸ਼ਾਮਲ ਹਨ, ਜੋ ਵੇਂਬਲੇ ਵਿੱਚ ਮੈਚ ਵਿੱਚ ਸ਼ਾਮਲ ਹੋਏ ਸਨ। ਸਕਾਟਲੈਂਡ ਦੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਚੇਤਾਵਨੀਆਂ ਦੇ ਬਾਵਜੂਦ ਯਾਤਰਾ ਕੀਤੀ ਸੀ। ਪੀ. ਐੱਚ. ਐੱਸ. ਦੇ ਵਿਸ਼ਲੇਸ਼ਣ ਨੇ ਇਹ ਵੀ ਖੁਲਾਸਾ ਕੀਤਾ ਕਿ ਯੂਰੋ 2020 ਮੈਚ ਵੇਖਣ ਨਾਲ ਜੁੜੇ ਤਕਰੀਬਨ 1470 ਕੇਸਾਂ ਵਿੱਚ 20 ਤੋਂ 39 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ ਅਤੇ ਹਰ ਦਸ ਮਾਮਲਿਆਂ ਵਿੱਚੋਂ ਨੌਂ ਮਰਦ ਹਨ। ਇਸ ਸਬੰਧੀ ਪੀ. ਐੱਚ. ਐੱਸ. ਟੈਸਟ ਐਂਡ ਪ੍ਰੋਟੈਕਟ ਅਤੇ ਐੱਨ. ਐੱਚ. ਐੱਸ. ਬੋਰਡਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਜਨਤਕ ਸਿਹਤ ਵੱਲੋਂ ਇਨ੍ਹਾਂ ਲੋਕਾਂ ਦੇ ਨੇੜਲੇ ਸੰਪਰਕਾਂ ਦੀ ਸੁਰੱਖਿਆ ਅਤੇ ਪਛਾਣ ਲਈ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।


author

Manoj

Content Editor

Related News