ਸਕਾਟਲੈਂਡ- ਇਨਕਲਾਬੀ ਯੋਧਾ ਦੇ ਲੋਕ ਅਰਪਣ ਹਿਤ ਸਮਾਗਮ ਹੋਇਆ
Monday, Feb 28, 2022 - 04:52 PM (IST)
ਸਕਾਟਲੈਂਡ (ਮਨਦੀਪ ਖੁਰਮੀ ਹਿੰਮਤਪੁਰਾ) ਗਾਇਕ, ਗੀਤਕਾਰ, ਕਵੀ, ਲੇਖਕ ਕਿਸੇ ਖਿੱਤੇ ਦੀ ਧਰੋਹਰ ਹੁੰਦੇ ਹਨ। ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਵੱਡੇ ਮਤਲਬ ਛੱਡ ਜਾਂਦੀਆਂ ਹਨ। ਸਕਾਟਲੈਂਡ ਦੀ ਧਰਤੀ ‘ਤੇ ਲਗਭਗ ਦੋ ਦਹਾਕਿਆਂ ਤੋਂ ਵਸਿਆ ਹੋਇਆ ਕਰਮਜੀਤ ਮੀਨੀਆਂ ਸਿਰਫ਼ ਗਾਇਕ ਹੀ ਨਹੀਂ ਹੈ ਉਹ ਗੀਤਕਾਰ, ਰੇਡੀਓ ਪੇਸ਼ਕਾਰ, ਸਾਜਿੰਦਾ ਹੋਣ ਦੇ ਨਾਲ ਨਾਲ ਹਾਸਿਆਂ ਦਾ ਵਣਜਾਰਾ ਵੀ ਹੈ। ਕੋਈ ਸਮਾਗਮ ਹੋਵੇ ਜਾਂ ਮਹਿਫ਼ਲ ਕਰਮਜੀਤ ਮੀਨੀਆਂ ਦੀਆਂ ਗੱਲਾਂ ਅਕਸਰ ਹੀ ਠਹਾਕਿਆਂ ਦਾ ਸਬੱਬ ਬਣਦੀਆਂ ਹਨ।
ਕਰਮਜੀਤ ਮੀਨੀਆਂ ਵੱਲੋਂ ਸਮੇਂ ਸਮੇਂ ‘ਤੇ ਸੰਗੀਤ ਜਗਤ ਦੀ ਝੋਲੀ ਗੀਤ ਪਾਏ ਜਾਂਦੇ ਹਨ। ਉਹਨਾਂ ਵੱਲੋਂ ਹਾਲ ਹੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾਂ ਵਜੋਂ ਗੀਤ "ਇਨਕਲਾਬੀ ਯੋਧਾ" ਲੋਕ ਅਰਪਣ ਕੀਤਾ ਗਿਆ। ਗਲਾਸਗੋ ਦੇ ਰਾਮਗੜ੍ਹੀਆ ਹਾਲ ਵਿਖੇ ਹੋਏ ਵਿਸ਼ਾਲ ਸਮਾਗਮ ਦੌਰਾਨ ਸਕਾਟਲੈਂਡ ਦੀਆਂ ਨਾਮਵਰ ਹਸਤੀਆਂ ਦੀ ਹਾਜ਼ਰੀ ਵਿੱਚ ਇਨਕਲਾਬੀ ਯੋਧਾ ਗੀਤ ਸੰਗੀਤ ਜਗਤ ਦੇ ਸਨਮੁੱਖ ਪੇਸ਼ ਕੀਤਾ ਗਿਆ। ਤੇਜ ਰਿਕਾਰਡਜ਼ ਵੱਲੋਂ ਪੇਸ਼ ਕੀਤੇ ਇਸ ਗੀਤ ਨੂੰ ਲੋਕ ਅਰਪਣ ਕਰਨ ਸਮੇਂ ਜਸਵੀਰ ਸਿੰਘ ਬਮਰਾਹ, ਸਰਦਾਰਾ ਸਿੰਘ ਜੰਡੂ, ਸਪਾਈਸ ਆਫ ਲਾਈਫ ਦੇ ਮਾਲਕ ਪਰਮਜੀਤ ਸਿੰਘ ਸਮਰਾ, ਕਾਰੋਬਾਰੀ ਇਕਬਾਲ ਸਿੰਘ ਕਲੇਰ, ਮਹਿਕ ਪੰਜਾਬ ਦੀ ਗਿੱਧਾ ਗਰੁੱਪ ਦੀਆਂ ਮੈਂਬਰਾਨ, ਐਡਵੋਕੇਟ ਜਗਜੀਵਨ ਸਿੰਘ, ਤਰਸੇਮ ਕੁਮਾਰ, ਰਵਿੰਦਰ ਸਿੰਘ ਸਹੋਤਾ, ਦਲਜੀਤ ਸਿੰਘ ਬਿੰਜੋਂ, ਸੁਖਦੇਵ ਸਿੰਘ ਰਾਹੀ ਸਮੇਤ ਬਹੁਤ ਸਾਰੇ ਨਾਮੀ ਸੱਜਣ ਸ਼ਾਮਲ ਹੋਏ। ਹਾਜ਼ਰੀਨ ਵੱਲੋਂ ਕਰਮਜੀਤ ਮੀਨੀਆਂ ਨੂੰ ਇਸ ਧਾਰਮਿਕ ਪੇਸ਼ਕਾਰੀ ਲਈ ਸ਼ਾਬਾਸ਼ ਦਿੰਦਿਆਂ ਵਧਾਈ ਵੀ ਪੇਸ਼ ਕੀਤੀ।