ਵਿਗਿਆਨੀਆਂ ਨੇ ਧੂੜ ਨਾਲ ਭਰੇ ਤਾਰਿਆਂ ਦੇ ਝੁੰਡ ਦੀਆਂ ਖਿੱਚੀਆਂ ਤਸਵੀਰਾਂ

07/16/2018 10:59:02 PM

ਲੰਡਨ— ਵਿਗਿਆਨੀਆਂ ਨੇ ਧਰਤੀ ਦੇ ਲਗਭਗ 5500 ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਨੀਲੇ ਰੰਗ ਦੀ ਚਮਕਦਾਰ ਧੂੜ ਦੀ ਚਾਦਰ 'ਚ ਲਿਪਟੇ ਸੈਂਕੜੇ ਤਾਰਿਆਂ (ਸਟਾਰ ਕਲਸਟਰ) ਦੀਆਂ ਤਸਵੀਰਾਂ ਲਈਆਂ ਹਨ। ਇਹ ਤਸਵੀਰਾਂ ਦੇਖਣ ਵਿਚ ਜਿੰਨੀਆਂ ਸੋਹਣੀਆਂ ਹਨ, ਆਪਣੇ ਰੰਗ ਕਾਰਨ ਓਨੀਆਂ ਹੀ ਅਨੋਖੀਆਂ ਵੀ ਹਨ। ਸਟਾਰ ਕਲਸਟਰ ਅਜਿਹੇ ਤਾਰਿਆਂ ਦਾ ਝੁੰਡ ਹੈ, ਜਿਨ੍ਹਾਂ ਦੀ ਉਤਪਤੀ ਇਕੋ ਜਿਹੀ ਹੋਵੇ ਅਤੇ ਜੋ ਆਪਣੀ ਗਰੂਤਾਕਰਸ਼ਣ ਸ਼ਕਤੀ ਕਾਰਨ ਇਕ-ਦੂਜੇ ਦੇ ਨੇੜੇ ਤੇੜੇ ਝੁੰਡ ਵਾਂਗ ਸਥਿਤ ਹੋਣ।
ਚਿਲੀ ਦੇ ਯੂਰਪੀਅਨ ਸਦਰਨ ਆਬਜ਼ਰਵੇਟਰੀ ਦੀ ਵਿਸ਼ਾਲ ਦੂਰਬੀਨ 'ਤੇ ਲੱਗੇ ਹਾਕ-1 ਇੰਫ੍ਰਾਰੈੱਡ ਇਮੇਜਰ ਰਾਹੀਂ ਵਿਗਿਆਨੀਆਂ ਨੇ ਜਹਾਜ਼ ਦੇ ਆਕਾਰ ਵਾਲੇ ਤਾਰਿਆਂ ਦੇ ਝੁੰਡ ਵੇਲਾ ਦੇ ਅੰਦਰ ਸਥਿਤ ਤਾਰਿਆਂ ਦੇ ਇਸ ਛੋਟੇ ਸਮੂਹ ਆਰ. ਸੀ. ਡਬਲਯੂ 38 ਦੀ ਤਸਵੀਰ ਲਈ ਹੈ। ਆਰ. ਸੀ. ਡਬਲਯੂ. 38 ਦਾ ਕੇਂਦਰ ਬੇਹੱਦ ਚਮਕੀਲਾ ਅਤੇ ਨੀਲੇ ਰੰਗ ਦਾ ਹੈ। ਇਸ ਵਿਚ ਕਈ ਯੁਵਾ ਤਾਰੇ ਵੀ ਹਨ ਜਦੋਂਕਿ ਕਈ ਅੱਲ੍ਹੜ ਉਮਰ ਤਾਰੇ ਵੀ ਹਨ, ਜੋ ਹਾਲੇ ਆਪਣਾ ਰੂਪ ਗ੍ਰਹਿਣ ਕਰ ਰਹੇ ਹਨ। ਇਨ੍ਹਾਂ ਯੁਵਾ ਤਾਰਿਆਂ ਨਾਲ ਹੋਣ ਵਾਲੇ ਵਿਕਿਰਣ ਦੇ ਆਲੇ-ਦੁਆਲੇ ਦਾ ਖੇਤਰ ਚਮਕਦਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਖੇਤਰ ਵਿਚ ਸਥਿਤ ਤਾਰਿਆਂ ਦੇ ਸਾਰੇ ਸਮੂਹ ਹਨੇਰੇ ਵਿਚ ਲਾਲ ਅਤੇ ਨਾਰੰਗੀ ਰੌਸ਼ਨੀ ਵਿਚ ਚਮਕਦੇ ਹਨ।


Related News