ਪਾਕਿਸਤਾਨ ਨੂੰ ਵੱਡੀ ਰਾਹਤ, ਸਾਊਦੀ ਅਰਬ ਨੇ 1 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
Friday, Aug 26, 2022 - 01:14 PM (IST)
ਇਸਲਾਮਾਬਾਦ (ਭਾਸ਼ਾ): ਸਾਊਦੀ ਅਰਬ ਨੇ ਪਾਕਿਸਤਾਨ ਵਿੱਚ 1 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਸਾਊਦੀ ਸਟੇਟ ਟੀਵੀ ਨੇ ਕਿਹਾ ਕਿ ਸਾਊਦੀ ਕਿੰਗ ਸਲਮਾਨ ਬਿਨ ਅਬਦੁੱਲਅਜ਼ੀਜ਼ ਨੇ ਸਾਊਦੀ ਅਰਬ ਨੂੰ ਪਾਕਿਸਤਾਨੀ ਅਰਥਵਿਵਸਥਾ ਨੂੰ ਸਮਰਥਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਲ-ਅਰਬੀਆ ਨਿਊਜ਼ ਮੁਤਾਬਕ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ-ਜ਼ਰਦਾਰੀ ਨੂੰ ਫੋਨ ਕਰਕੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਕੁਝ ਦਿਨ ਪਹਿਲਾਂ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਪਹਿਲਾਂ ਹੀ ਦਿੱਤੇ 3 ਅਰਬ ਡਾਲਰ ਦੇ ਕਰਜ਼ੇ ਦੀ ਅਦਾਇਗੀ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਸੀ।
ਸਾਊਦੀ ਅਰਬ ਦਾ ਇਹ ਫ਼ੈਸਲਾ ਗਰੀਬੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਵੱਡੀ ਰਾਹਤ ਦੇਣ ਵਾਲਾ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਖੁਦ ਸਾਊਦੀ ਅਰਬ ਪਹੁੰਚੇ ਸਨ। ਜਦੋਂ ਰਿਆਦ ਨੇ ਮਦਦ ਵਿੱਚ ਦੇਰੀ ਕੀਤੀ ਤਾਂ ਸ਼ਾਹਬਾਜ ਨੇ ਤੁਰੰਤ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਸਾਊਦੀ ਅਰਬ ਭੇਜਿਆ ਸੀ।ਇੱਥੇ ਦੱਸ ਦਈਏ ਕਿ ਯੂਏਈ ਵਾਂਗ ਸਾਊਦੀ ਅਰਬ ਵੀ ਪਾਕਿਸਤਾਨ ਨੂੰ 1 ਬਿਲੀਅਨ ਡਾਲਰ ਦਾ ਕੱਚਾ ਤੇਲ ਸਪਲਾਈ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਆਰਥਿਕ ਮੰਦੀ ਦੀ ਮਾਰ, ਕਰਜ਼ 'ਚ ਡੁੱਬੇ ਜ਼ਿਆਦਾਤਰ ਲੋਕ
ਗਰੀਬੀ ਨਾਲ ਜੂਝ ਰਿਹਾ ਪਾਕਿਸਤਾਨ
ਪਾਕਿਸਤਾਨ ਵਿੱਚ ਮਹਿੰਗਾਈ ਦਰ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਧ ਹੈ। ਚਾਲੂ ਖਾਤੇ ਦਾ ਘਾਟਾ ਵਧਣ ਅਤੇ ਵਿਦੇਸ਼ੀ ਮੁਦਰਾ ਭੰਡਾਰ 'ਚ ਰਿਕਾਰਡ ਗਿਰਾਵਟ ਕਾਰਨ ਪਾਕਿਸਤਾਨ ਦੀ ਆਰਥਿਕਤਾ ਤਬਾਹੀ ਦੇ ਕੰਢੇ 'ਤੇ ਹੈ। ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਰਾਹਤ ਪੈਕੇਜ 'ਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਕਾਰਜਕਾਰੀ ਬੋਰਡ ਦੀ ਬੈਠਕ 29 ਅਗਸਤ ਨੂੰ ਹੋਵੇਗੀ। ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਕਿਹਾ ਕਿ ਆਈ.ਐੱਮ.ਐੱਫ. ਨੇ ਪਾਕਿਸਤਾਨ ਨੂੰ ਰਾਹਤ ਪੈਕੇਜ ਨਾਲ ਸਬੰਧਤ ਇਰਾਦੇ ਦਾ ਪੱਤਰ ਭੇਜਿਆ ਹੈ, ਜਿਸ ਤੋਂ ਬਾਅਦ ਇਸ 'ਤੇ ਦਸਤਖ਼ਤ ਕਰਕੇ ਵਾਪਸ ਭੇਜ ਦਿੱਤਾ ਜਾਵੇਗਾ।
ਕਤਰ ਵੀ ਕਰੇਗਾ ਪਾਕਿਸਤਾਨ ਵਿੱਚ 3 ਅਰਬ ਡਾਲਰ ਦਾ ਨਿਵੇਸ਼
ਕਤਰ ਦੇ ਸ਼ਾਸਕ ਦੇ ਦਫਤਰ ਨੇ ਕਿਹਾ ਕਿ ਕਤਰ ਨਿਵੇਸ਼ ਅਥਾਰਟੀ ਨੇ ਪਾਕਿਸਤਾਨ ਵਿੱਚ 3 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਅਮੀਰੀ ਦੀਵਾਨ ਨੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਕਤਰ ਨਿਵੇਸ਼ ਅਥਾਰਟੀ ਨੇ ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ ਵਿੱਚ ਵੱਖ-ਵੱਖ ਵਪਾਰਕ ਅਤੇ ਨਿਵੇਸ਼ ਖੇਤਰਾਂ ਵਿੱਚ 3 ਬਿਲੀਅਨ ਡਾਲਰ ਨਿਵੇਸ਼ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ। ਕਤਰ ਨੇ ਇਹ ਨਹੀਂ ਦੱਸਿਆ ਕਿ ਨਿਵੇਸ਼ ਕਦੋਂ ਸ਼ੁਰੂ ਹੋਵੇਗਾ।