ਸਾਊਦੀ ਅਰਬ ਨੇ ਮਨਾਇਆ ਪਹਿਲਾ ਯੋਗ ਉਤਸਵ, ਹਿੱਸਾ ਲੈਣ ਪੁੱਜੇ ਹਜ਼ਾਰਾਂ ਲੋਕ
Tuesday, Feb 08, 2022 - 01:19 PM (IST)
ਦੁਬਈ- ਸਾਊਦੀ ਅਰਬ 'ਚ ਇਕ ਹਜ਼ਾਰ ਤੋਂ ਵੱਧ ਲੋਕ ਸ਼ਨੀਵਾਰ ਨੂੰ ਸਾਊਦੀ ਯੋਗ ਕਮੇਟੀ ਵਲੋਂ ਆਯੋਜਿਤ ਦੇਸ਼ ਦੇ ਪਹਿਲੇ ਯੋਗ ਉਤਸਵ 'ਚ ਹਿੱਸਾ ਲੈਣ ਲਈ ਕਿੰਗ ਅਬਦੁੱਲਾ ਇਕੋਨਾਮਿਕ ਸਿਟੀ ਦੇ ਜੁਮਾਨ ਪਾਰਕ ਆਏ। ਅਰਬ ਨਿਊਜ਼ ਨੇ ਦੱਸਿਆ ਕਿ ਇਸ ਆਯੋਜਨ 'ਚ 10 ਤੋਂ 60 ਸਾਲ ਦੀ ਉਮਰ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਵੱਖ-ਵੱਖ ਗਤੀਵਿਧੀਆਂ, ਯੋਗ ਤਕਨੀਕਾਂ ਅਤੇ ਦਿਮਾਗ਼ੀਪਨ ਦੀ ਕਲਾ 'ਚ ਹਿੱਸਾ ਲਿਆ। ਇਕ ਨਿਊਜ਼ ਦੀ ਰਿਪੋਰਟ ਅਨੁਸਾਰ ਪ੍ਰੋਗਰਾਮ ਦਾ ਆਯੋਜਨ ਯੋਗ ਨਾਲ ਸ਼ੁਰੂ ਹੋਇਆ ਅਤੇ ਉਤਸਵ 'ਚ ਭਾਗੀਦਾਰਾਂ ਨੂੰ ਯੋਗ ਦਾ ਅਭਿਆਸ ਕਰਨ, ਵੱਖ-ਵੱਖ ਪ੍ਰਦਰਸ਼ਨਾਂ ਨੂੰ ਦੇਖਣ, ਯੋਗ ਸਟੂਡੀਓ ਡੈਮੋ ਦੇਖਣ ਅਤੇ ਉਨ੍ਹਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਨ ਦਾ ਮੌਕਾ ਮਿਲਿਆ।
ਇਕ ਦਿਨਾ ਪ੍ਰੋਗਰਾਮ ਦੌਰਾਨ, ਸਾਊਦੀ ਅਤੇ ਦੁਨੀਆ ਭਰ ਦੇ ਯੋਗ ਮਾਹਿਰਾਂ ਵਲੋਂ ਲਗਭਗ 8 ਘੰਟੇ ਦਾ ਪਾਠ ਅਤੇ ਲੈਕਚਰ ਦਿੱਤਾ ਗਿਆ। ਇਸ ਤੋਂ ਇਲਾਵਾ, ਕਈ ਲੋਕਾਂ ਨੇ ਛਾਂ 'ਚ ਬੈਠਣਾ ਅਤੇ ਆਰਾਮ ਕਰਨਾ ਚੁਣਿਆ, ਜਿੱਥੇ ਚਟਾਈ, ਕੁਸ਼ਨ ਅਤੇ ਕਾਲੀਨ ਉਪਲੱਬਧ ਸਨ। ਰਿਪੋਰਟ ਅਨੁਸਾਰ, ਸਾਊਦੀ ਯੋਗ ਕਮੇਟੀ ਦੀ ਚੇਅਰਮੈਨ ਨੌਫ਼ ਬਿਨਤ ਮੁਹੰਮਦ ਅਲ-ਮਰੋਈ ਨੇ ਕਿਹਾ ਕਿ ਉਹ ਲੋਕਾਂ ਦੀ ਗਿਣਤੀ ਅਤੇ ਉਤਸ਼ਾਹ ਤੋਂ ਹੈਰਾਨ ਹੈ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਸਰਕਾਰ ਦੇ ਵੱਡੇ ਸਮਰਥਨ ਕਾਰਨ ਸਾਰੇ ਖੇਤਰਾਂ 'ਚ ਅਤੇ ਜੀਵਨ ਦੀ ਗੁਣਵੱਤਾ 'ਚ ਜ਼ਿਕਰਯੋਗ ਵਿਕਾਸ ਦਿੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਆਯੋਜਨ ਦੀ ਸਫ਼ਲਤਾ 'ਤੇ ਮੈਨੂੰ ਖੁਸ਼ੀ ਹੈ ਕਿ ਨਾ ਸਿਰਫ਼ ਸਾਊਦੀ ਨੇ ਉਸ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਸਗੋਂ ਯੋਗ 'ਤੇ ਸਾਡੇ ਵਿਚਾਰਾਂ ਨੂੰ ਵੀ ਅਪਣਾਇਆ, ਜੋ ਇਸ ਆਯੋਜਨ ਦਾ ਇਕਮਾਤਰ ਉਦੇਸ਼ ਸੀ।'' ਉਨ੍ਹਾਂ ਨੇ ਜੀਵਨ 'ਚ ਯੋਗ ਦੇ ਸਕਾਰਾਤਮਕ ਪਹਿਲੂਆਂ 'ਤੇ ਜ਼ੋਰ ਦਿੱਤਾ ਅਤੇ ਕਿਹਾ,''ਅਸੀਂ ਪਰਿਵਾਰ 'ਚ ਯੋਗ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਾਂ ਅਤੇ ਦੇਸ਼ 'ਚ ਇਸ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਊਦੀ ਆਪਣੇ ਦਿਨ ਦੀ ਸ਼ੁਰੂਆਤ ਯੋਗ ਨਾਲ ਕਰਨ, ਜਿਸ 'ਚ ਦਿਨ 'ਚ 20 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ ਹੈ।''