ਇਟਲੀ ਸਰਕਾਰ ਕਟਿਹਰੇ 'ਚ, ਸਤਨਾਮ ਸਿੰਘ ਦਾ ਪਰਿਵਾਰ 3 ਲੱਖ 60 ਹਜਾਰ ਯੂਰੋ ਦੀ ਉਡੀਕ 'ਚ
Wednesday, Nov 27, 2024 - 12:48 PM (IST)
ਰੋਮ (ਦਲਵੀਰ ਕੈਂਥ)- ਚੰਗੇ ਭੱਵਿਖ ਦੀ ਆਸ ਵਿੱਚ ਇਟਲੀ ਆਏ ਮਰਹੂਮ ਸਤਨਾਮ ਸਿੰਘ ਨੂੰ 19 ਜੂਨ, 2024 ਨੂੰ ਕੰਮ ਦੌਰਾਨ ਜਖ਼ਮੀ ਹੋਣ ਤੋਂ ਬਾਅਦ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਮੌਤ ਮਿਲੀ, ਜਿਸ ਦਾ ਦੁੱਖ ਦੁਨੀਆ ਭਰ ਵਿੱਚ ਹਰ ਉਸ ਅੱਖ ਨੇ ਮੰਨਿਆ ਜਿਹੜੀ ਪ੍ਰਦੇਸ਼ਾਂ ਦੇ ਦੁੱਖਾਂ ਨੂੰ ਸਮਝਦੀ ਸੀ। ਮਰਹੂਮ ਦੇ ਪੱਖ ਵਿੱਚ ਉਸ ਨੂੰ ਇਨਸਾਫ਼ ਦੁਆਉਣ ਇਟਲੀ ਦੀਆਂ ਤਮਾਮ ਜਨਤਕ ਜੱਥੇਬੰਦੀਆਂ ਸਮੇਤ ਭਾਰਤੀ ਭਾਈਚਾਰੇ ਨੇ ਲਾਤੀਨਾ ਸ਼ਹਿਰ ਦੀਆਂ ਸੜਕਾਂ 'ਤੇ ਉੱਤਰ ਕੇ ਆਪਣੇ ਰੋਹ ਦਾ ਮੁਜ਼ਾਹਰਾ ਕੀਤਾ ਤਾਂ ਜੋ ਸਤਨਾਮ ਸਿੰਘ ਨੂੰ ਇਨਸਾਫ਼ ਮਿਲ ਸਕੇ ਪਰ ਅਫ਼ਸੋਸ ਮਰਹੂਮ ਸਤਨਾਮ ਸਿੰਘ ਨੂੰ 6 ਮਹੀਨਿਆਂ ਬਾਅਦ ਵੀ ਕੋਈ ਇਨਸਾਫ਼ ਤਾਂ ਨਹੀਂ ਮਿਲ ਸਕਿਆ ਸਗੋਂ ਜਿਹੜੇ ਯੂਰੋ ਉਸ ਦੇ ਪਰਿਵਾਰ ਲਈ ਇਟਲੀ ਭਰ ਤੋਂ ਇਟਾਲੀਅਨ ਤੇ ਹੋਰ ਭਾਈਚਾਰੇ ਵੱਲੋਂ ਦਿੱਤੇ ਗਏ ਜਿਸ ਦੀ ਰਕਮ ਇਟਾਲੀਅਨ ਮੀਡੀਏ ਅਨੁਸਾਰ 360 ਹਜ਼ਾਰ ਯੂਰੋ ਦੱਸੀ ਜਾ ਰਹੀ ਹੈ, ਉਹ ਵੀ ਹਾਲੇ ਤੱਕ ਉਸ ਦੇ ਪਰਿਵਾਰ ਨੂੰ ਨਹੀਂ ਮਿਲ ਸਕੀ।
ਮਰਹੂਮ ਸਤਨਾਮ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਟਲੀ ਤੋਂ ਹੀ ਕਿਸੇ ਸਾਕ ਸੰਬਧੀ ਨੇ ਦੱਸਿਆ ਕਿ ਇਟਲੀ ਦੀਆਂ ਅਖ਼ਬਾਰਾਂ ਵਿੱਚ ਇਹ ਖ਼ਬਰ ਸੁਰਖੀਆਂ ਬਣ ਘੁੰਮ ਰਹੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਸਤਨਾਮ ਸਿੰਘ ਦੇ ਪਰਿਵਾਰ ਲਈ 360 ਹਜ਼ਾਰ ਯੂਰੋ ਇੱਕਠਾ ਹੋਇਆ ਹੈ, ਉਹ ਵੀ ਇਟਲੀ ਦੀ ਭਰਾਤਰੀ ਜੱਥੇਬੰਦੀ ਵੱਲੋਂ। ਇੱਕ ਬੈਂਕ ਖਾਤਾ ਜਨਤਕ ਕੀਤਾ ਗਿਆ ਸੀ ਕਿ ਸਤਨਾਮ ਸਿੰਘ ਦੀ ਸਹਾਇਤਾ ਲਈ ਸਹਿਯੋਗ ਦਿਓ। ਇਹ ਯੂਰੋ ਸਤਨਾਮ ਸਿੰਘ ਦੇ ਪਰਿਵਾਰ ਨੂੰ ਨਾ ਮਿਲਣ ਕਾਰਨ ਉਸ ਦਾ ਭਰਾ ਅੰਮ੍ਰਿਤਪਾਲ ਸਿੰਘ ਇਟਲੀ ਸਰਕਾਰ, ਨਗਰ ਕੌਂਸਲ ਚਿਸਤੇਰਨਾ ਦੀ ਲਾਤੀਨਾ ਤੇ ਇੱਕ ਹੋਰ ਜੱਥੇਬੰਦੀ ਦੇ ਸਹਿਯੋਗ ਨਾਲ ਟੂਰਿਸਟ ਵਜੋਂ ਇਟਲੀ ਆਇਆ। ਇੱਥੇ ਆਕੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਰਹਿਣ ਲਈ ਨਗਰ ਕੌਂਸਲ ਚਿਸਤੇਰਨਾ ਦੀ ਲਾਤੀਨਾ ਨੇ ਘਰ ਦਿੱਤਾ। ਜਿਸ ਲਈ ਉਹ ਸਰਕਾਰ, ਜਿਹੜੀ ਸੰਸਥਾ ਯੂ.ਆਈ.ਐਲ ਉਨ੍ਹਾਂ ਦੀ ਮਦਦ ਕਰ ਰਹੀ ਹੈ ਤੇ ਨਗਰ ਕੌਂਸਲ ਚਿਸਤੇਰਨਾ ਦੀ ਲਾਤੀਨਾ ਦੇ ਬਹੁਤ ਧੰਨਵਾਦੀ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਬਜ਼ੁਰਗ ਔਰਤ ਦੇ ਕਤਲ ਦਾ ਦੋਸ਼
ਉਹ ਵਿਸ਼ੇਸ਼ ਤੌਰ 'ਤੇ ਉਸ ਸੰਸਥਾ ਦੇ ਅਫ਼ਸਰ ਸਾਹਿਬ ਤੇ ਸਤਨਾਮ ਸਿੰਘ ਦੇ ਕੇਸ ਦੀ ਪੈਰਵੀਂ ਕਰ ਰਹੇ ਵਕੀਲ ਨੂੰ ਮਿਲੇ। ਜਿਸ ਸੰਸਥਾ ਨੇ ਸਤਨਾਮ ਸਿੰਘ ਦੇ ਪਰਿਵਾਰ ਲਈ ਯੂਰੋ ਇੱਕਠੇ ਕੀਤੇ ਉਸ ਦੇ ਆਗੂ ਕਹਿ ਰਹੇ ਹਨ ਕਿ ਉਨ੍ਹਾਂ ਕੋਲ 3 ਲੱਖ ਯੂਰੋ ਜਮ੍ਹਾਂ ਹੈ ਜਿਹੜੇ ਕਿ ਉਹ ਜਲਦ ਮਰਹੂਮ ਦੇ ਪਰਿਵਾਰ ਨੂੰ ਜ਼ਰੂਰ ਦੇਣਗੇ। ਅੰਮ੍ਰਿਤਪਾਲ ਸਿੰਘ ਨੇ ਇਸ ਗੱਲ ਵੀ ਖੁਲਾਸਾ ਕੀਤਾ ਕਿ ਸਤਨਾਮ ਸਿੰਘ ਵਿਆਹਿਆ ਨਹੀਂ ਸੀ ਹਾਂ ਇੱਕ ਸੋਨੀ ਨਾਮ ਦੀ ਕੁੜੀ ਜ਼ਰੂਰ ਉਸ ਨਾਲ ਪਿਛਲੇ ਸਮੇਂ ਤੋਂ ਰਹਿ ਰਹੀ ਸੀ। ਉਸ ਕੁੜੀ ਨੂੰ ਉਹ ਹਾਲੇ ਮਿਲੇ ਨਹੀਂ ਪਰ ਜੇਕਰ ਸਰਕਾਰ ਉਸ ਦੀ ਕੋਈ ਮਦਦ ਕਰਨਾ ਚਾਹੁੰਦੀ ਤਾਂ ਚੰਗੀ ਗੱਲ ਹੈ ਪਰ ਕੁਝ ਲੋਕ ਗ਼ਲਤ ਪ੍ਰਚਾਰ ਕਰਕੇ ਉਨ੍ਹਾਂ ਦਾ ਤੇ ਉਸ ਕੁੜੀ ਦਾ ਹੱਕ ਮਰਵਾਉਣਾ ਚਾਹੁੰਦੇ ਹਨ। ਅਜਿਹੇ ਸਭ ਹਮਦਰਦੀਆਂ ਨੂੰ ਅਪੀਲ ਹੈ ਕਿਰਪਾ ਉਹ ਕੇਸ ਨੂੰ ਉਲਝਾਉਣ ਨਾ ਸਗੋਂ ਮਾਮਲੇ ਨੂੰ ਨਬੇੜਣ ਵਿੱਚ ਉਨ੍ਹਾਂ ਦੇ ਸਹਿਯੋਗੀ ਬਣਨ।
ਗੌਰਤਲਬ ਹੈ ਕਿ ਜਦੋਂ ਸਤਨਾਮ ਸਿੰਘ ਦੀ ਮੌਤ ਹੋਈ ਉੁਂਦੋ ਤੋਂ ਹੀ ਦੋ ਵੱਖ-ਵੱਖ ਧੜੇ ਬਣਕੇ ਇਨਸਾਫ਼ ਲਈ ਲੜ ਰਹੇ ਹਨ। ਇੱਕ ਧੜਾ ਉਸ ਦੇ ਪਰਿਵਾਰ ਨੂੰ ਆਰਥਿਕ ਮਦਦ ਦੁਆਉਣੀ ਚਾਹੁੰਦਾ ਜਦੋਂ ਕਿ ਦੂਜਾ ਧੜਾ ਮਰਹੂਮ ਨਾਲ ਰਹਿ ਰਹੀ ਸੋਨੀ ਨਾਮ ਦੀ ਕੁੜੀ ਨੂੰ ਆਰਥਿਕ ਮਦਦ ਦੁਆਉਣੀ ਚਾਹੁੰਦਾ ਜਦੋਂ ਕਿ ਕਾਨੂੰਨ ਅਨੁਸਾਰ ਜਿਹੜੀ ਕੁੜੀ ਸਤਨਾਮ ਸਿੰਘ ਨਾਲ 2-3 ਸਾਲ ਤੋਂ ਰਹਿੰਦੀ ਸੀ ਉਸ ਨਾਲ ਸਤਨਾਮ ਸਿੰਘ ਦਾ ਵਿਆਹ ਨਾ ਹੋਣ ਕਾਰਨ ਉਹ ਮੁਆਵਜ਼ੇ ਦੀ ਹੱਕਦਾਰ ਨਹੀਂ ਪਰ ਇਨਸਾਨੀਅਤ ਨਾਤੇ ਉਸ ਨੂੰ ਵੀ ਜ਼ਰੂਰ ਕੁਝ ਸਹਾਇਤਾ ਮਿਲੇ। ਇਟਲੀ ਸਰਕਾਰ ਨੇ ਉਸ ਨੂੰ ਘਟਨਾ ਤੋਂ ਬਾਅਦ ਤੁਰੰਤ ਪੇਪਰ ਦਿੱਤੇ ਸਨ ਇਹ ਵੀ ਇੱਕ ਵੱਡੀ ਗੱਲ ਹੈ। ਮਰਹੂਮ ਲਈ 360 ਹਜ਼ਾਰ ਯੂਰੋ ਇੱਕਠੇ ਹੋਏ ਪਰ 3 ਲੱਖ ਪਰਿਵਾਰ ਨੂੰ ਦਿੱਤੇ ਜਾਣ ਦੀ ਗੱਲ ਹੋ ਰਹੀ ਹੈ। ਬਾਕੀ ਰਕਮ ਕੌਣ ਅਤੇ ਕਿਉਂ ਰੱਖ ਰਿਹਾ ਇਸ ਦਾ ਜਵਾਬ ਹਾਲੇ ਕੋਈ ਵੀ ਦੇਣ ਲਈ ਤਿਆਰ ਨਹੀਂ। ਕੀ ਅੰਮ੍ਰਿਤਪਾਲ ਸਿੰਘ ਨੂੰ ਇਹ ਰਾਸ਼ੀ ਵੀ ਮਿਲ ਸਕੇਗੀ ਜਾਂ ਇਸ 'ਤੇ ਵੀ ਕੋਈ ਸਿਆਸਤ ਹੋ ਸਕਦੀ ਹੈ। ਇਸ ਦਾ ਜਵਾਬ ਵਕਤ ਦੀ ਬੁੱਕਲ ਵਿੱਚ ਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।